‘ਦ ਖ਼ਾਲਸ ਬਿਊਰੋ :- ਦੇਸ਼ ‘ਚ ਲਾਕਡਾਊਨ ‘ਚ ਢਿੱਲ ‘ਤੇ ਹੁਣ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਸਾਲਾਨਾ ਯਾਤਰਾ 4 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ। ਦੱਸਣਯੋਗ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਕਰਕੇ ਯਾਤਰਾ ਇਸ ਸਾਲ ਤਿੰਨ ਮਹੀਨੇ ਤੱਕ ਬੰਦ ਰਹੀ। ਉੱਤਰਾਖੰਡ ‘ਚ ਗੜ੍ਹਵਾਲ ਹਿਮਾਲਿਆ ਦੀਆਂ ਚੋਟੀਆਂ ’ਚ ਸਥਿਤ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਕੋਵਿਡ-19 ਦਾ ਨੈਗੇਟਿਵ ਸਰਟੀਫਿਕੇਟ ਲਾਜ਼ਮੀ ਹੋਵੇਗਾ, ਜੋ 72 ਘੰਟਿਆਂ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ।
ਜ਼ਿਲ੍ਹਾ ਚਮੋਲੀ ਦੇ ਮੈਜਿਸਟਰੇਟ ਸਵਾਤੀ ਐੱਸ.ਬਧੌਰੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ 4 ਸਤੰਬਰ ਤੋਂ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ – ਮਸ਼ਵਰੇ ਮਗਰੋਂ ਹੀ ਕੀਤਾ ਹੈ। ਉਨ੍ਹਾਂ ਕਿਹਾ, ‘ਯਾਤਰਾ ਲਈ ਅਪਲਾਈ ਕਰਨ ਮੌਕੇ 72 ਘੰਟੇ ਪਹਿਲਾਂ ਕਰਵਾਏ RT-PCR ਟੈਸਟ ਦੀ ਨੈਗੇਟਿਵ ਰਿਪੋਰਟ ਤੇ ਉੱਤਰਾਖੰਡ ਸਰਕਾਰ ਵੱਲੋਂ ਜਾਰੀ ਈ-ਪਾਸ ਲਾਜ਼ਮੀ ਹੋਵੇਗਾ।
ਹੇਮਕੁੰਟ ਪ੍ਰਬੰਧਕ ਟਰੱਸਟ ਦੇ ਉਪ ਪ੍ਰਧਾਨ N.S. ਬਿੰਦਰਾ ਨੇ ਕਿਹਾ ਕਿ ਗੁਰਦੁਆਰੇ ਦੇ ਕਿਵਾੜ 4 ਸਤੰਬਰ ਨੂੰ ਸਵੇਰੇ ਦੱਸ ਵਜੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ, ਪਰ ਸਮਾਜਿਕ ਦੂਰੀ ਸਮੇਤ ਕੋਵਿਡ-19 ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਹਰ ਹਾਲ ਪਾਲਣਾ ਕਰਨੀ ਹੋਵੇਗੀ।