ਸਿੱਖਾਂ ਦੇ ਮੁੱਖ ਤੀਰਥ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 11 ਅਕਤੂਬਰ 2023 ਨੂੰ ਸੀਤਕਾਲ ਲਈ ਬੰਦ ਕਰ ਦਿੱਤੇ ਜਾਣਗੇ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਅਨੁਸਾਰ ਟਰੱਸਟੀਆਂ ਦੀ ਮੀਟਿੰਗ ‘ਚ ਇਹ ਫ਼ੈਸਲਾ ਲਿਆ ਗਿਆ। ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਇਸ ਸਾਲ 20 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹੇ ਗਏ ਸਨ। ਟਰੱਸਟ ਦੇ ਪ੍ਰਧਾਨ ਬਿੰਦਰਾ ਨੇ ਦੱਸਿਆ ਕਿ ਹੁਣ ਤਕ 2,27,500 ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਸਬੰਧੀ 11 ਅਕਤੂਬਰ ਨੂੰ ਦੁਪਹਿਰ ਇਕ ਵਜੇ ਅਰਦਾਸ ਤੋਂ ਬਾਅਦ ਗੁਰਦੁਆਰੇ ਦੇ ਕਿਵਾੜ ਆਮ ਸੰਗਤ ਲਈ ਬੰਦ ਕਰ ਦਿੱਤੇ ਜਾਣਗੇ ਅਤੇ ਯਾਤਰਾ ਦੀ ਸਮਾਪਤੀ ਹੋ ਜਾਵੇਗੀ।
20 ਮਈ ਤੋਂ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਈ ਸੀ, ਇਸ ਮੌਕੇ ਉੱਤਰਾਖੰਡ ਦੇ ਮੁੱਖ ਮੰਤਰੀ ਅਤੇ ਰਾਜਪਾਲ ਵੀ ਮੌਜੂਦ ਰਹੇ ਸਨ। ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੇ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀ। ਇਸ ਵਿੱਚ ਪ੍ਰਸ਼ਾਸਨ ਵੱਲੋਂ ਬਿਮਾਰ ਵਿਅਕਤੀਆਂ, 60 ਸਾਲ ਤੋਂ ਵਧੇਰੀ ਉਮਰ ਦੇ ਸ਼ਰਧਾਲੂਆਂ ਤੇ ਬੱਚਿਆਂ ਨੂੰ ਫ਼ਿਲਹਾਲ ਯਾਤਰਾ ’ਤੇ ਨਾ ਆਉਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਹੇਮਕੁੰਟ ਸਾਹਿਬ ਦੇ ਕੇਵਾੜ 20 ਮਈ ਨੂੰ ਖੁੱਲ੍ਹੇ ਸਨ ਪਰ ਪਹਿਲੇ ਜਥੇ ਨੂੰ ਰਿਸ਼ੀਕੇਸ਼ ਤੋਂ 17 ਮਈ ਨੂੰ ਰਵਾਨਾ ਕੀਤਾ ਗਿਆ ਸੀ।
ਦੱਸ ਦੇਈਏ ਕਿ ਜਦੋਂ ਬਰਫ਼ ਪਿਘਲ ਜਾਂਦੀ ਹੈ ਤਾਂ ਇਹ ਟ੍ਰੈਕ ਰੂਟ ‘ਤੇ ਆਉਂਦੀ ਹੈ ਅਤੇ ਇਸ ਨੂੰ ਹਟਾਉਣਾ ਪੈਂਦਾ ਹੈ, ਇਹ ਇੱਕ ਕੁਦਰਤੀ ਵਰਤਾਰਾ ਹੈ ਅਤੇ ਹਰ ਸਾਲ ਅੱਧ ਜੂਨ ਤੱਕ ਹੁੰਦਾ ਹੈ। ਹੇਮਕੁੰਟ ਸਾਹਿਬ 15,210 ਫੁੱਟ ਦੀ ਉਚਾਈ ‘ਤੇ ਹੈ। ਮੌਸਮ ਵਿੱਚ ਹੋਣ ਵਾਲੀ ਤਬਦੀਲੀ ਦੇ ਨਾਲ ਹੀ ਇੱਥੇ ਬਰਫ਼ਬਾਰੀ ਹੋ ਜਾਂਦੀ ਹੈ।