Punjab

ਜਲੰਧਰ ਨੇੜੇ ਧੁੱਸੀ ਬੰਨ੍ਹ ਵਿੱਚ ਪਿਆ ਪਾੜ ਪੂਰਿਆ…

The gap in Dhusi Dam near Jalandhar was filled...

ਜਲੰਧਰ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਚ ਪਿਆ 300 ਫੁੱਟ ਚੌੜਾ ਪਾੜ ਅੱਜ ਪੂਰਿਆ ਗਿਆ। ਇਹ ਪਾੜ ਪੂਰਨ ਲਈ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਲੋਕਾਂ ਨੇ ਆ ਕੇ ਮਦਦ ਕੀਤੀ। ਇਸ ਬੰਨ੍ਹ ਨੂੰ ਪੂਰਨ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਟੀਮ ਦਾ ਵੱਡਾ ਯੋਗਦਾਨ ਰਿਹਾ। ਧੁੱਸੀ ਬੰਨ੍ਹ ਵਿੱਚ ਪਾੜ ਪੈਣ ਕਾਰਨ ਸਤਲੁਜ ਦਰਿਆ ਨੇ ਜ਼ਿਲ੍ਹੇ ਵਿੱਚ ਕਾਫ਼ੀ ਤਬਾਹੀ ਮਚਾਈ ਤੇ ਸਕੂਲਾਂ ਵਿੱਚ ਅੱਠ ਫੁੱਟ ਤੱਕ ਪਾਣੀ ਭਰ ਗਿਆ।

ਜਾਣਕਾਰੀ ਅਨੁਸਾਰ ਪਿੰਡ ਮੰਡਾਲਾ ਛੰਨਾ ਨੇੜੇ ਧੁੱਸੀ ਬੰਨ੍ਹ ’ਚ ਇਹ ਪਾੜ 9 ਤੇ 10 ਜੁਲਾਈ ਦੀ ਦਰਮਿਆਨੀ ਰਾਤ ਨੂੰ ਪਿਆ ਸੀ, ਜਿਸ ਨੂੰ ਪੂਰਨ ਵਿੱਚ ਪੰਜ ਦਿਨ ਲੱਗ ਗਏ। ਇਸ ਦੇ ਨੇੜੇ ਹੀ ਗੱਟਾ ਮੰਡੀ ਕਾਸੂ ਵਿੱਚ ਵੀ 900 ਫੁੱਟ ਦੇ ਕਰੀਬ ਚੌੜਾ ਪਇਆ ਹੋਇਆ ਹੈ। ਇਹ ਪਾੜ ਪੂਰਨ ਦਾ ਕੰਮ ਅਜੇ ਓਨੀ ਤੇਜ਼ੀ ਨਾਲ ਸ਼ੁਰੂ ਨਹੀਂ ਹੋਇਆ ਜਿੰਨੀ ਤੇਜ਼ੀ ਨਾਲ ਮੰਡਾਲਾ ਛੰਨਾ ਦਾ ਹੋਇਆ ਸੀ।

ਸੰਤ ਸੀਚੇਵਾਲ ਨੇ ਸਮੂਹ ਪੰਜਾਬੀਆਂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਪਾੜ ਪੂਰੇ ਜਾਣ ਨਾਲ ਜਲੰਧਰ ਜ਼ਿਲ੍ਹੇ ਦੇ ਤਿੰਨ ਦਰਜਨ ਪਿੰਡਾਂ ਨੂੰ ਵੱਡੀ ਰਾਹਤ ਮਿਲੀ ਹੈ। ਇਨ੍ਹਾਂ ਪਿੰਡਾਂ ’ਚ ਪਾਣੀ ਦਾ ਪੱਧਰ ਘਟਣ ’ਤੇ ਕਿਸਾਨਾਂ ਦੀ ਫਸਲ ਬਚ ਸਕਦੀ ਹੈ।

ਦੱਸ ਦਈਏ ਕਿ  ਧੁੱਸੀ ਬੰਨ੍ਹ ’ਚ ਇਹ ਪਾੜ 9 ਤੇ 10 ਜੁਲਾਈ ਦੀ ਦਰਮਿਆਨੀ ਰਾਤ ਨੂੰ ਪਿਆ ਸੀ ਤੇ 11 ਜੁਲਾਈ ਨੂੰ ਪਾੜ ਹੋਰ ਚੌੜਾ ਨਾ ਹੋਵੇ, ਇਸ ਲਈ ਬੰਨ੍ਹ ਦੇ ਦੁਆਲੇ ਮਿੱਟੀ ਦੇ ਬੋਰੇ  ਸੁੱਟਣ ਨਾਲ ਹੀ ਇਹ ਕਾਰਸੇਵਾ ਆਰੰਭ ਕਰ ਦਿੱਤੀ ਗਈ ਸੀ। ਜਿਹੜੀ ਕਿ ਲੰਘੇ ਕੱਲ੍ਹ ਦੀ ਦੁਪਿਹਰ 1 ਵਜੇ ਦੇ ਕਰੀਬ ਮੁਕੰਮਲ ਹੋ ਗਈ ਸੀ । ਇਸ ਕਾਰਸੇਵਾ ਦੌਰਾਨ ਮੋਗਾ, ਸ਼੍ਰੀ ਮੁਕਤਸਰ ਸਾਹਿਬ,ਬਠਿੰਡਾ, ਸੰਗਰੂਰ, ਫਿਰੋਜ਼ਪੁਰ, ਦਸੂਹਾ, ਮੁਕੇਰੀਆਂ, ਜਲੰਧਰ ਅਤੇ ਕਪੂਰਥਲੇ ਤੋਂ ਆਏ ਲੋਕਾਂ  ਮਿੱਟੀ ਦੇ ਬੋਰਿਆਂ ਦੀ ਟਰਾਲੀਆਂ ਭਰ ਕੇ ਲਗਾਤਾਰ ਲਿਆਂਦੇ ਰਹੇ ਜਿਸ ਨਾਲ ਇਹ ਕੰਮ ਤੇਜ਼ੀ ਨਾਲ ਸੰਪਨ ਹੋ ਗਿਆ। ਡਰੇਨੇਜ਼ ਵਿਭਾਗ ਵੱਲੋਂ ਕਰੇਟ ਬਣਾਉਣ ਲਈ ਲੋਹਾ ਦੇ ਜਾਲ ਵੀ ਨਾਲੋਂ ਨਾਲ ਬਣਾਏ ਜਾ ਰਹੇ ਸਨ।

ਇਸ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ, ਲੋਕ ਸਭਾ ਮੈਂਬਰ ਸ਼ੁਸੀਲ ਰਿੰਕੂ ਵੀ ਲਗਾਤਾਰ ਚੱਲ ਰਹੀ ਕਾਰਸੇਵਾ ਵਿੱਚ ਹਿੱਸਾ ਲੈਂਦੇ ਰਹੇ। ਮੁੱਖ ਮੰਤਰੀ ਪੰਜਾਬ  ਭਗਵੰਤ ਸਿੰਘ ਮਾਨ ਵੀ ਬੰਨ੍ਹ ਦੇ ਚੱਲ ਰਹੇ ਕਾਰਜ ਨੂੰ ਦੇਖਣ ਲਈ ਪਹੁੰਚੇ ਸਨ।