ਲੁਧਿਆਣਾ ਤੋਂ ਕਾਂਗਰਸ ਸਾਂਸਦ ਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਵਿੱਚ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਨੇ ਲੁਧਿਆਣਾ ਵਿੱਚ ਹਾਲ ਹੀ ਵਿੱਚ ਵਿਆਹ ’ਚ ਹੋਈ ਗੈਂਗਵਾਰ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ ਰੰਗਦਾਰੀ ਨਾ ਦੇਣ ਕਾਰਨ ਇੱਕ ਕਤਲ ਹੋ ਰਿਹਾ ਹੈ, ਪਰ ਰਾਜ ਤੇ ਕੇਂਦਰ ਸਰਕਾਰ ਦੋਵੇਂ ਮੂਕਦਰਸ਼ਕ ਬਣੀਆਂ ਬੈਠੀਆਂ ਹਨ।
ਰਾਜਾ ਵੜਿੰਗ ਨੇ ਦੱਸਿਆ ਕਿ ਲੁਧਿਆਣਾ ਦੀ ਸ਼ਾਦੀ ਵਿੱਚ ਦੋ ਗੈਂਗਾਂ ਵਿਚਕਾਰ ਖੁੱਲ੍ਹੇਆਮ ਗੋਲੀਬਾਰੀ ਹੋਈ। ਮਹਿਮਾਨਾਂ ਨੇ ਟੇਬਲਾਂ ਹੇਠਾਂ ਲੁਕ ਕੇ ਜਾਨ ਬਚਾਈ ਤੇ ਦੋ ਨਿਰਦੋਸ਼ ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਆਮ ਲੋਕਾਂ ਦੇ ਨਾਲ-ਨਾਲ ਨੇਤਾ ਤੇ ਅਫ਼ਸਰ ਵੀ ਧਮਕੀਆਂ ਭੇਜੀਆਂ ਜਾ ਰਹੀਆਂ ਹਨ। ਵਿਦੇਸ਼ਾਂ ’ਚ ਬੈਠੇ ਜਾਂ ਜੇਲ੍ਹਾਂ ਵਿੱਚੋਂ ਗੈਂਗਸਟਰ ਰੋਜ਼ਾਨਾ ਫਿਰੌਤੀ ਦੀਆਂ ਕਾਲਾਂ ਕਰ ਰਹੇ ਹਨ। ਪੈਸੇ ਨਾ ਦੇਣ ’ਤੇ ਕਤਲ ਕਰ ਦਿੱਤੇ ਜਾ ਰਹੇ ਹਨ। ਪੂਰਾ ਪੰਜਾਬ ਡਰ ਦੇ ਮਾਹੌਲ ਵਿੱਚ ਹੈ। ਵਪਾਰੀ ਤੇ ਆਮ ਨਾਗਰਿਕ ਡਰੇ ਹੋਏ ਹਨ।
ਸਾਂਸਦ ਨੇ ਅਕਾਲੀ ਦਲ ’ਤੇ ਵੀ ਨਿਸ਼ਾਨਾ ਸਾਧਿਆ ਕਿ ਤਰਨਤਾਰਨ ਉਪ ਚੋਣ ਵਿੱਚ ਉਨ੍ਹਾਂ ਨੇ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦਿੱਤੀ। ਗੈਂਗਸਟਰ ਸਰਪੰਚਾਂ ਨੂੰ ਫੋਨ ਕਰਕੇ ਧਮਕਾ ਕੇ ਵੋਟਾਂ ਲੈ ਰਹੇ ਹਨ। ਪੰਜਾਬ ਦੀ ਸਿਆਸਤ ਵੀ ਗੈਂਗਸਟਰਾਂ ਦੇ ਪ੍ਰਭਾਵ ਹੇਠ ਆ ਰਹੀ ਹੈ।
ਵੜਿੰਗ ਨੇ ਕਿਹਾ ਕਿ ਨਾਮੀ ਗੈਂਗਸਟਰ ਗੁਜਰਾਤ ਜੇਲ੍ਹ ਵਿੱਚ ਬੈਠਾ ਹੈ ਤੇ ਗੁਜਰਾਤ ਸਰਕਾਰ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਬਾਹਰ ਲਿਆਉਣ ’ਤੇ ਪਾਬੰਦੀ ਲਾ ਦਿੱਤੀ ਹੈ। ਉਹ ਪੰਜਾਬ ਪੁਲਿਸ ਦੀ ਪੁੱਛਗਿੱਛ ਲਈ ਵੀ ਨਹੀਂ ਆ ਸਕਦੀ।
ਅੰਤ ਵਿੱਚ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਤੋਂ ਖ਼ਾਸ ਬੇਨਤੀ ਕੀਤੀ ਕਿ “ਪੰਜਾਬ ਜਲ ਰਿਹਾ ਹੈ। ਬਾਰਡਰ ਸੁਰੱਖਿਆ ਦਾ ਖੇਤਰ 50 ਕਿਲੋਮੀਟਰ ਵਧਾ ਦਿੱਤਾ ਗਿਆ ਹੈ, ਪਰ ਪੰਜਾਬ ਨੂੰ ਬਚਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਕੇਂਦਰ ਤੇ ਪੰਜਾਬ ਪੁਲਿਸ ਦੋਵੇਂ ਮੂਕਦਰਸ਼ਕ ਬਣੀਆਂ ਹਨ।” ਵੜਿੰਗ ਦੇ ਭਾਸ਼ਣ ਨੇ ਸੰਸਦ ਵਿੱਚ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਗੰਭੀਰ ਚਰਚਾ ਛੇੜ ਦਿੱਤੀ ਹੈ।

