ਚੰਡੀਗੜ੍ਹ : ਭਗਵੰਤ ਮਾਨ ਸਰਕਾਰ ਦੀ ਨਵੀਂ ਮੁਫ਼ਤ ਬਿਜਲੀ ਸਕੀਮ ਅਤੇ 600 ਯੂਨਿਟ ਬਿਜਲੀ ਦਾ ਲਾਭ ਲੈਣ ਲਈ ਸੂਬੇ ‘ਜ਼ੀਰੋ ਬਿੱਲ’ ਪਾਉਣ ਲਈ ਪਾਵਰਕੌਮ ( Dept. of Powercom ) ਦਾ ਧੂੰਆਂ ਕੱਢ ਦਿੱਤਾ ਹੈ। । ਪੰਜਾਬ ਸਰਕਾਰ ਨੇ ਜੁਲਾਈ 2022 ਤੋਂ ਬਿਜਲੀ ਦੇ 600 ਯੂਨਿਟ ਮੁਫ਼ਤ ਦੇਣੇ ਸ਼ੁਰੂ ਕੀਤੇ ਸਨ ਅਤੇ ਪਾਵਰਕੌਮ ਨੇ ਅਗਸਤ 2022 ’ਚ ਜ਼ੀਰੋ ਬਿੱਲਾਂ ਦੇ ਸਭ ਤੋਂ ਪਹਿਲਾਂ ਬਿੱਲ ਭੇਜੇ ਸਨ। ਹੁਣ ਜਦੋਂ ਇੱਕ ਸਾਲ ਪੂਰਾ ਹੋ ਗਿਆ ਹੈ ਤਾਂ ਤੱਥ ਉੱਭਰੇ ਹਨ ਕਿ ਪ੍ਰਤੀ ਮਹੀਨਾ ਜ਼ੀਰੋ ਬਿੱਲਾਂ ਦੀ ਸਬਸਿਡੀ ਪਿਛਲੇ ਵਰ੍ਹੇ ਨਾਲੋਂ ਵਧ ਗਈ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ 2022 ਦੇ ਅਗਸਤ ਮਹੀਨੇ ਵਿਚ ਮੁਫ਼ਤ ਘਰੇਲੂ ਬਿਜਲੀ ਦੀ ਸਬਸਿਡੀ ਦਾ ਬਿੱਲ 638.50 ਕਰੋੜ ਰੁਪਏ ਸੀ ਜਦਕਿ ਅਗਸਤ 2023 ’ਚ ਇਹ ਬਿੱਲ 185 ਕਰੋੜ ਰੁਪਏ ਵਧ ਕੇ 823.50 ਕਰੋੜ ਰੁਪਏ ਹੋ ਗਿਆ ਹੈ। ਟੈਰਿਫ਼ ਵਿੱਚ ਵਾਧੇ ਕਰਕੇ ਕਰੀਬ 30 ਕਰੋੜ ਦਾ ਵਾਧਾ ਹੋਣਾ ਸੀ। ਟੈਰਿਫ਼ ਦੇ ਵਾਧੇ ਨੂੰ ਮਨਫ਼ੀ ਕਰ ਦੇਈਏ ਤਾਂ ਜ਼ੀਰੋ ਬਿੱਲਾਂ ਕਰਕੇ ਕਰੀਬ 155 ਕਰੋੜ ਪ੍ਰਤੀ ਮਹੀਨਾ ਸਬਸਿਡੀ ਵਧੀ ਹੈ।
ਜ਼ੀਰੋ ਬਿੱਲ ਵਾਲੇ ਖਪਤਕਾਰਾਂ ਦਾ ਅੰਕੜਾ ਦੇਖੀਏ ਤਾਂ ਅਗਸਤ 2022 ਵਿਚ 23.08 ਲੱਖ ਬਿੱਲ ਜਾਰੀ ਹੋਏ ਸਨ ਜਦਕਿ ਅਗਸਤ 2023 ਵਿਚ ਜਾਰੀ ਹੋਏ ਬਿੱਲਾਂ ਦੀ ਗਿਣਤੀ 44 ਹਜ਼ਾਰ ਵਧ ਕੇ 23.52 ਲੱਖ ਹੋ ਗਈ ਹੈ। ਜ਼ੀਰੋ ਬਿੱਲਾਂ ਆਉਣ ਮਗਰੋਂ ਘਰੇਲੂ ਬਿਜਲੀ ਦੀ ਸਬਸਿਡੀ ਦਾ ਬਿੱਲ ਜੁਲਾਈ 2022 ਤੋਂ ਸਤੰਬਰ 2023 ਤੱਕ ਕਰੀਬ ਅੱਠ ਹਜ਼ਾਰ ਕਰੋੜ ਰੁਪਏ ਹੋ ਗਿਆ ਹੈ।
ਪਾਵਰਕੌਮ ਦੇ ਫ਼ੀਲਡ ਅਧਿਕਾਰੀ ਦੱਸਦੇ ਹਨ ਕਿ ਜਿਨ੍ਹਾਂ ਖਪਤਕਾਰਾਂ ਵੱਲੋਂ ਪਹਿਲਾਂ ਬਿਜਲੀ ਸੰਜਮ ਨਾਲ ਵਰਤੀ ਜਾਂਦੀ ਸੀ, ਉਹ ਹੁਣ ਛੇ ਸੌ ਮੁਫ਼ਤ ਯੂਨਿਟਾਂ ਦਾ ਲਾਹਾ ਲੈਣ ਦੇ ਚੱਕਰ ਵਿਚ ਬਿਜਲੀ ਦੀ ਵਰਤੋਂ ਖੁੱਲ੍ਹਦਿਲੀ ਨਾਲ ਕਰਨ ਲੱਗੇ ਹਨ। ਗਰਮੀਆਂ ਵਿਚ ਕੂਲਰਾਂ ਤੇ ਏਸੀਜ਼ ਦੀ ਗਿਣਤੀ ਵਧੀ ਹੈ ਅਤੇ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਮਗਰੋਂ ਖਾਣਾ ਵੀ ਬਿਜਲੀ ਦੇ ਹੀਟਰਾਂ ’ਤੇ ਬਣਾਉਣ ਦਾ ਰੁਝਾਨ ਵਧਿਆ ਹੈ। ਸ਼ਾਮ ਵਕਤ ਬਿਜਲੀ ਦੀ ਖਪਤ ਵਧਣੀ ਸ਼ੁਰੂ ਹੋ ਜਾਂਦੀ ਹੈ।
ਲੰਘੇ ਇੱਕ ਸਾਲ ਦੌਰਾਨ ਕਰੀਬ ਦੋ ਲੱਖ ਨਵੇਂ ਘਰੇਲੂ ਕੁਨੈਕਸ਼ਨ ਵੀ ਜਾਰੀ ਹੋਏ ਹਨ। ਆਮ ਤੌਰ ’ਤੇ ਠੰਢ ਦੇ ਦਿਨਾਂ ਵਿਚ ਬਿਜਲੀ ਦੀ ਖਪਤ ਘੱਟ ਜਾਂਦੀ ਹੈ। ਪਿਛਲੇ ਸਰਦੀ ਦੇ ਮੌਸਮ ਵਿਚ ਖਪਤ ਵਿਚ ਕੋਈ ਬਹੁਤੀ ਕਮੀ ਦੇਖਣ ਨੂੰ ਨਹੀਂ ਮਿਲੀ ਹੈ। ਬਿਜਲੀ ਦੇ ਹੀਟਰਾਂ ਨੇ ਖਪਤ ਵਿਚ ਸਭ ਤੋਂ ਵੱਧ ਵਾਧਾ ਕੀਤਾ ਹੈ। ਪਿਛਲੇ ਸਾਲ ਬਿਜਲੀ ਦੀ ਮੰਗ ਵਿਚ ਕਰੀਬ 36 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਬਹੁਤੇ ਲੋਕਾਂ ਨੇ ਸਰਕਾਰੀ ਸਕੀਮ ਦੀ ਵਰਤੋਂ ਲਈ ਇੱਕੋ ਘਰ ਵਿਚ ਮੀਟਰਾਂ ਦੇ ਦੋ-ਦੋ ਕੁਨੈਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਹਨ।
ਦੇਖਿਆ ਜਾਵੇ ਤਾਂ ਪੰਜਾਬ ਵਿਚ ਹੁਣ ਘਰੇਲੂ ਬਿਜਲੀ ਦੇ ਕਰੀਬ ਚਾਰ ਕੁ ਫ਼ੀਸਦੀ ਹੀ ਖਪਤਕਾਰ ਬਚੇ ਹਨ ਜਿਨ੍ਹਾਂ ਨੂੰ ਕੋਈ ਸਬਸਿਡੀ ਨਹੀਂ ਮਿਲਦੀ ਹੈ। ਬਾਕੀ 96 ਫ਼ੀਸਦੀ ਨੂੰ ਛੇ ਸੌ ਯੂਨਿਟ ਬਿਜਲੀ ’ਤੇ ਸਬਸਿਡੀ ਮਿਲਦੀ ਹੈ ਜਾਂ ਫਿਰ ਸੱਤ ਕਿੱਲੋ ਵਾਟ ਤੱਕ ਦੇ ਖਪਤਕਾਰਾਂ ਨੂੰ ਢਾਈ ਰੁਪਏ ਪ੍ਰਤੀ ਯੂਨਿਟ ਦੀ ਸਬਸਿਡੀ ਮਿਲਦੀ ਹੈ।