India Khetibadi Punjab

5 ਘੰਟੇ ਚੱਲੀ ਮੀਟਿੰਗ ‘ਚ ਅੱਧੀ ਰਾਤ ਕੇਂਦਰ ਨੇ MSP ਦਾ ਨਵਾਂ ਫਾਰਮੂਲਾ ਕਿਸਾਨਾਂ ਸਾਹਮਣੇ ਰੱਖਿਆ ! ਅੱਜ ਕਿਸਾਨ ਦੇਣਗੇ ਜਵਾਬ ! CM ਮਾਨ ਵੀ ਫਾਰਮੂਲੇ ਦੇ ਹੱਕ ‘ਚ !

ਬਿਉਰੋ ਰਿਪੋਰਟ : ਕੇਂਦਰ ਅਤੇ ਕਿਸਾਨਾਂ ਦੇ ਵਿਚਾਲੇ ਤਕਰੀਬਨ 5 ਘੰਟੇ ਮੀਟਿੰਗ ਤੋਂ ਬਾਅਦ ਕਾਫੀ ਹੱਦ ਤੱਕ ਗੱਲ ਸਿਰੇ ਚੜਦੀ ਹੋਈ ਨਜ਼ਰ ਆਈ ਹੈ । ਕੇਂਦਰ ਨੇ ਕਿਸਾਨਾਂ ਵਿਚਾਲੇ ਸਭ ਤੋਂ ਅਹਿਮ ਮੁੱਦੇ MSP ਗਰੰਟੀ ਕਾਨੂੰਨ ‘ਤੇ ਮੰਤਰੀ ਪਿਯੂਸ਼ ਗੋਇਲ ਵੱਲੋਂ ਕਿਸਾਨਾਂ ਸਾਹਮਣੇ ਇੱਕ ਪ੍ਰਪੋਜ਼ਲ ਰੱਖਿਆ ਹੈ ਜਿਸ ਦਾ ਕਿਸਾਨਾਂ ਵੱਲੋਂ ਚੰਗੇ ਸੰਕੇਤ ਮਿਲੇ ਹਨ । ਕਿਸਾਨ 19 ਅਤੇ 20 ਫਰਵਰੀ ਨੂੰ ਆਪਣੀ ਸਾਰੀਆਂ ਜਥੇਬੰਦੀਆਂ ਦੇ ਨਾਲ ਵਿਚਾਰ ਤੋਂ ਬਾਅਦ ਇਸ ‘ਤੇ ਆਪਣਾ ਫੈਸਲਾ ਸੁਣਾਉਣਗੇ । ਕਿਸਾਨ ਆਗੂ ਅਭਿਮਨਿਉ ਕੁਹਾਰ ਨੇ 19,20 ਫਰਵਰੀ ਨੂੰ ਸ਼ੰਭੂ ਅਤੇ ਖੰਨੌਰੀ ਬਾਰਡਰ ਪਹੁੰਚਣ ਦੀ ਕਿਸਾਨਾਂ ਨੂੰ ਅਪੀਲ ਕੀਤੀ ਹੈ ।

ਕੇਂਦਰ ਦਾ ਪ੍ਰਪੋਜ਼ਲ

ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਹੈ । ਉਨ੍ਹਾਂ ਕਿਹਾ ਕਿਸਾਾਨਾਂ ਨੇ ਸਾਨੂੰ ਅਪੀਲ ਕੀਤੀ ਹੈ ਕਿ ਅਸੀਂ ਮੱਕੀ ਦੇ ਨਾਲ ਫਸਲੀ ਵੰਨ-ਸੁਵੰਨਤਾ ਚਾਹੁੰਦੇ ਹਾਂ । ਪਰ ਉਨ੍ਹਾਂ ਸਾਹਮਣੇ ਪਰੇਸ਼ਾਨੀ ਹੈ ਕਿ ਜੇਕਰ ਦਾਲ,ਮੱਕੀ ਪੈਦਾ ਕਰਦੇ ਹਾਂ ਬਾਜ਼ਾਰ ਵਿੱਚ MSP ਨਹੀਂ ਮਿਲ ਦੀ ਹੈ । ਉਨ੍ਹਾਂ ਨੂੰ ਨੁਕਸਾਨ ਹੁੰਦਾ ਹੈ । ਪੀਯੂਸ਼ ਗੋਇਲ ਨੇ ਕਿਹਾ ਅਸੀਂ ਇਸ ਪਰੇਸ਼ਾਨੀ ‘ਤੇ ਚਰਚਾ ਕੀਤੀ ਕਿ ਸਰਕਾਰ ਕੋ- ਆਪਰੇਟਿਵ ਸੁਸਾਇਟੀਆਂ ਵੱਲੋਂ ਜਿਹੜੇ ਕਿਸਾਨ ਉੜਦ ਦਾਲ,ਮਸਰ ਦੀ ਦਾਲ,ਮੱਕੀ ਦੀ ਖੇਤੀ ਕਰਨਗੇ ਉਨ੍ਹਾਂ ਨੂੰ 5 ਸਾਲ ਲਈ ਇੱਕ ਕੰਟਰੈਕਟ ਕਰਕੇ ਗਰੰਟੀ ਦੇਵਾਂਗੇ । ਪਿਉਸ਼ ਗੋਇਲ ਨੇ ਕਿਹਾ ਹੁਣ ਕਿਸਾਨ ਸਾਨੂੰ ਕੱਲ ਸਵੇਰ ਤੱਕ ਜਵਾਬ ਦੇਣਗੇ ।

ਕਿਸਾਨਾਂ ਦਾ ਜਵਾਬ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕੇਂਦਰ ਨਾਲ ਮੀਟਿੰਗ ਦੌਰਾਨ MSP ਗਰੰਟੀ ਕਾਨੂੰਨ ‘ਤੇ ਚਰਚਾ ਹੋਈ । ਸਾਡੇ ਸਾਹਮਣੇ ਕੇਂਦਰ ਨੇ ਪ੍ਰਪੋਜ਼ਲ ਰੱਖਿਆ ਹੈ ਕਿ ਦਾਲਾਂ, ਮੱਕੀ, ਕਪਾਹ, ਨਰਮਾ ਦੀ MSP ਤਹਿ ਕੀਤੀ ਜਾਵੇਗੀ, ਕੇਂਦਰ ਦੀਆਂ ਏਜੰਸੀਆਂ ਸਾਡੇ ਨਾਲ ਲਿਖਤੀ ਸਮਝੌਤਾ ਕਰਨਗੀਆਂ । ਜਦਕਿ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ MSP ‘ਤੇ ਸਰਕਾਰ ਵੱਲੋਂ ਜਿਹੜਾ ਮਤਾ ਆਇਆ ਹੈ ਅਸੀਂ SKM ਗੈਰ ਰਾਜਨੀਤਿਕ ਵਿੱਚ ਸ਼ਾਮਲ ਜਥੇਬੰਦੀਆਂ ਦੇ ਨਾਲ ਮਾਹਰਾ ਨਾਲ ਗੱਲ ਕਰਾਂਗੇ,ਫਿਰ ਜਵਾਬ ਦੇਵਾਂਗੇ। ਧੰਧੇਰ ਨੇ ਕਿਹਾ 21 ਫਰਵਰੀ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਕਾਇਮ ਹੈ। 19,20 ਫਰਵਰੀ ਨੂੰ ਅਸੀਂ ਵਿਚਾਰ ਚਰਚਾ ਕਰਾਂਗੇ, ਸਰਕਾਰ ਨੂੰ ਬੇਨਤੀ ਕਰਾਂਗੇ, ਜੇ ਹੱਲ ਨਾ ਹੋਇਆ ਤਾਂ ਸਾਨੂੰ ਸ਼ਾਂਤੀ ਨਾਲ ਦਿੱਲੀ ਜਾਣ ਦਿੱਤਾ ਜਾਵੇ । ਪੰਧੇਰ ਨੇ ਕਿਹਾ ਕਰਜ਼ੇ ਮੁਆਫੀ ਨੂੰ ਲੈਕੇ ਹੁਣ ਤੱਕ ਗੱਲਬਾਤ ਨਹੀਂ ਹੋਈ ਹੈ । ਉਧਰ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ।

ਸੀਐੱਮ ਮਾਨ ਦਾ ਬਿਆਨ

ਮੀਟਿੰਗ ਵਿੱਚ ਸ਼ਾਮਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕੇਂਦਰ ਨੂੰ ਅਸੀਂ ਕਿਹਾ ਕਿ ਝੋਨੇ ਦੀ ਥਾਂ ਕਿਸਾਨ ਦਾਲਾਂ ਦੀ ਬਿਜਾਈ ਕਰ ਸਕਣ ਇਸ ਲਈ ਦਾਲਾਂ ‘ਤੇ MSP ਦਿਓ । ਕਿਸਾਨਾਂ ਨੂੰ ਨਰਮਾ ਅਤੇ ਕਪਾਹ ‘ਤੇ MSP ਦੀ ਗਰੰਟੀ ਚਾਹੀਦੀ ਹੈ । ਉਨ੍ਹਾਂ ਕਿਹਾ ਜਿੰਨਾਂ ਝੋਨਾ ਅਤੇ ਹੋਰ ਫਸਲਾਂ ਵੇਚ ਕੇ ਆਮਦਨ ਹੁੰਦੀ ਹੈ ਜੇਕਰ ਹੋਰ ਫਸਲਾਂ ‘ਤੇ ਵੀ ਆਮਦਨ ਹੋਵੇ ਤਾਂ ਅਸੀਂ ਫਸਲੀ ਚੱਕਰ ਤੋਂ ਬਾਹਰ ਆ ਸਕਦੇ ਹਾਂ । ਮੁੱਖ ਮੰਤਰੀ ਨੇ ਇੱਕ ਵਾਰ ਮੁੜ ਤੋਂ ਕਿਹਾ ਮੈਂ ਕਿਸਾਨਾਂ ਦਾ ਵਕੀਲ ਹਾਂ ਫੈਸਲਾ ਉਨ੍ਹਾਂ ਨੇ ਕਰਨਾ ਹੈ । ਮੈਂ ਨਹੀਂ ਚਾਹੁੰਦਾ ਕਿ ਕੋਈ ਜਾਨੀ ਨੁਕਸਾਨ ਹੋਵੇ ਜੇ ਗੱਲਬਾਤ ਨਾਲ ਹੱਲ ਹੁੰਦਾ ਤਾਂ ਚੰਗਾ ਮੈਂ ਆਪਣਾ ਫਰਜ਼ ਨਿਭਾ ਰਿਹਾ ਹਾਂ, ਮੈਂ ਪੰਜਾਬ ਦੇ ਲੋਕਾਂ ਨਾਲ ਖੜ੍ਹਾ। ਮੁੱਖ ਮੰਤਰੀ ਨੇ ਕਿਹਾ ਮੀਟਿੰਗ ਦੌਰਾਨ ਇੰਟਰਨੈਟ ਬੰਦ ਦਾ ਮੁੱਦਾ ਚੁੱਕਿਆ ਗਿਆ । ਬੱਚਿਆਂ ਦੇ ਪੇਪਰ ਚੱਲਦੇ, ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਮੇਰਾ ਫਰਜ਼ ਹੈ ।