Punjab

ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਭਾਗ ਲੱਗੇ

ਦ ਖ਼ਾਲਸ ਬਿਊਰੋ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਗਵੰਤ ਮਾਨ ਦੀ ਸਰਕਾਰ ਦੀਆਂ ਪਹਿਲੇ ਚਾਰ ਮਹੀਨੇ ਦੀਆਂ ਪ੍ਰਾਪਤੀਆਂ ਦੇ ਸੋਹਲੇ ਗਾਉਂਦਿਆਂ ਪੰਜਾਬ ਸਰਕਾਰ ਦਾ ਖ਼ਜ਼ਾਨਾ ਭਰਪੂਰ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮਾਰਚ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇੱਕ ਮਹੀਨੇ ਦੌਰਾਨ 10366 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਗਿਆ ਜਦਕਿ 8100 ਕਰੋੜ ਦਾ ਕਰਜ਼ਾ ਲਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੀ ਸਰਕਾਰ ਵੇਲੇ ਪੰਜਾਬ ਸਿਰ ਚੜੇ ਕਰਜ਼ੇ ਵਿੱਚੋਂ 5520.34 ਕਰੋੜ ਰੁਪਏ ਵਾਪਿਸ ਕੀਤੇ ਗਏ ਹਨ। ਜਦਕਿ 4896 ਕਰੋੜ ਰੁਪਏ ਵਿਆਜ ਦਾ ਵੱਖਰਾ ਭੁਗਤਾਨ ਕੀਤਾ ਗਿਆ ਹੈ।

ਉਨ੍ਹਾਂ ਨੇ ਜੀਐੱਸਟੀ ਦੀ ਕੁਲੈਕਸ਼ਨ ਦਾ ਪਿਛਲੇ ਸਾਲਾਂ ਦੇ ਨਾਲ ਮੁਕਾਬਲਾ ਕਰਦਿਆਂ ਦੱਸਿਆ ਕਿ ਅਪ੍ਰੈਲ 2021 ਵਿੱਚ 1924 ਕਰੋੜ ਪ੍ਰਾਪਤ ਹੋਏ ਸਨ ਜਦਕਿ ਨਵੀਂ ਸਰਕਾਰ ਆਉਣ ਦੇ ਪਹਿਲੇ ਮਹੀਨੇ ਹੀ ਇਹ ਰਕਮ 1994 ਕਰੋੜ ਤੱਕ ਵੱਧ ਗਈ। ਇਹ ਵਾਧਾ 3.6 ਫ਼ੀਸਦੀ ਬਣਦਾ ਹੈ। ਮਈ 2021 ਵਿੱਚ 1265 ਕਰੋੜ ਰੁਪਏ ਦਾ ਜੀਐੱਸਟੀ ਇਕੱਠਾ ਹੋਇਆ ਸੀ ਜਦਕਿ ਮਈ 2022 ਵਿੱਚ 1833 ਕਰੋੜ ਰੁਪਏ ਇਕੱਠੇ ਕੀਤੇ ਗਏ। ਇਹ ਵਾਧਾ 44.79 ਬਣਦਾ ਹੈ। ਜੂਨ 2021 ਵਿੱਚ ਜੀਐੱਸਟੀ ਦੀ 1111 ਕਰੋੜ ਰੁਪਏ ਦੀ ਕੁਲੈਕਸ਼ਨ ਸੀ ਜਦਕਿ ਮਈ 2022 ਵਿੱਚ 4479 ਕਰੋੜ ਰੁਪਏ ਨੂੰ ਜਾ ਪੁੱਜੀ, ਜਿਹੜਾ ਕਿ 51.49 ਫ਼ੀਸਦੀ ਦਾ ਵਾਧਾ ਹੈ। ਜੁਲਾਈ 2021 ਵਿੱਚ ਜੀਐੱਸਟੀ ਦੀ ਉਗਰਾਹੀ 1533 ਕਰੋੜ ਸੀ। ਪਿਛਲੇ ਮਹੀਨੇ ਜੀਐੱਸਟੀ ਤੋਂ 1733 ਕਰੋੜ ਰੁਪਏ ਪ੍ਰਾਪਤ ਹੋਏ ਹਨ ਅਤੇ ਇਹ 13.52 ਫ਼ੀਸਦੀ ਦਾ ਵਾਧਾ ਸੀ।

ਉਨ੍ਹਾਂ ਨੇ ਇੱਕ ਹੋਰ ਭੇਦਭਰੀ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਸਾਲ 2017 ਵਿੱਚ 30.584 ਕਰੋੜ ਦੀ ਸੀਸੀਐੱਲ ਚੁੱਕੀ ਸੀ ਅਤੇ ਇਸਨੂੰ ਵਾਪਸ ਕਰਨ ਦੀ ਥਾਂ 17 ਸਾਲਾਂ ਦੀਆਂ ਕਿਸ਼ਤਾਂ ਬਣਾ ਲਈਆਂ ਗਈਆਂ। ਇਸਦੀ ਸਾਲਾਨਾ ਕਿਸ਼ਤ 270 ਕਰੋੜ ਰੁਪਏ ਬਣਦੀ ਸੀ। ਅਕਾਲੀ ਭਾਜਪਾ ਸਰਕਾਰ ਨੇ ਕੇਂਦਰ ਨੂੰ ਸਵਾ ਅੱਠ ਫ਼ੀਸਦੀ ਵਿਆਜ ਦੇਣਾ ਮੰਨਿਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 3094 ਕਰੋੜ ਰੁਪਏ ਵਾਪਸ ਕਰਕੇ ਵਿਆਜ 7.33 ਫ਼ੀਸਦੀ ਤੱਕ ਘਟਾ ਲਿਆ ਗਿਆ ਹੈ। ਇਹ ਕਰਜ਼ਾ 2034 ਤੱਕ ਚੱਲਣਾ ਸੀ ਜਿਹੜਾ ਕਿ 2033 ਵਿੱਚ ਮੁੱਕ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਪੁਰਾਣੀਆਂ ਸਰਕਾਰਾਂ ਸਿਰ ਚੜੇ ਕਰਜ਼ੇ ਦੀ ਰਕਮ ਵਿੱਚੋਂ 1363.96 ਕਰੋੜ ਰੁਪਏ ਵਾਪਸ ਕਰ ਦਿੱਤੇ ਗਏ ਹਨ ਅਤੇ 1089 ਕਰੋੜ ਰੁਪਏ ਵਿਆਜ ਦੇ ਵੱਖਰੇ ਦਿੱਤੇ ਗਏ ਹਨ। ਉਹਨਾਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿੱਤੀ ਤੌਰ ਉੱਤੇ ਕਮਜ਼ੋਰ ਵੱਖ ਵੱਖ ਬੋਰਡ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਭਾਗਾਂ ਸਮੇਤ ਸਹਿਕਾਰੀ ਖੇਤੀਬਾੜੀ ਬੈਂਕ ਨੂੰ ਕਈ ਸੌ ਕਰੋੜ ਦੀ ਮਦਦ ਦਿੱਤੀ ਗਈ ਹੈ। ਉਨ੍ਹਾਂ ਨੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੀ ਕੀਤੀ ਜਾ ਰਹੀ ਆਲੋਚਨਾ ਨੂੰ ਫਜ਼ੂਲ ਦੱਸਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਆਪ ਦੀ ਸਰਕਾਰ ਪੰਜਾਬ ਨੂੰ ਮੁੜ ਪੈਰਾਂ ਉੱਤੇ ਖੜਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਦਾ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਪੂਰਾ ਕਰਨ ਦਾ ਵਾਅਦਾ ਮੁੜ ਦੁਹਰਾਇਆ।