Punjab

ਪੰਜਾਬ ਵਿਧਾਨ ਸਭਾ ਦਾ ਅੱਜ ਤੋਂ ਪੰਜਵਾਂ ਸੈਸ਼ਨ, ਪੇਸ਼ ਕੀਤੇ ਜਾਣਗੇ ਇਹ ਤਿੰਨ ਵਿੱਤ ਬਿੱਲ…

The fifth session of the Punjab Vidhan Sabha from today, these three finance bills will be presented...

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਦੁਪਹਿਰ 2 ਵਜੇ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੈਸ਼ਨ ਸਿਰਫ਼ ਦੋ ਦਿਨਾਂ ਲਈ ਹੀ ਸੱਦਿਆ ਗਿਆ ਹੈ। ਪਹਿਲੇ ਦਿਨ 2 ਤੋਂ ਢਾਈ ਵਜੇ ਤੱਕ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਫਿਰ ਜੇਕਰ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਰੋਧੀਆਂ ਨੇ ਹੰਗਾਮਾਂ ਨਾ ਕੀਤਾ ਤਾਂ ਸ਼ਾਮ 5 ਵਜੇ ਤੱਕ ਸੈਸ਼ਨ ਚੱਲਣ ਦੀ ਉਮੀਦ ਹੈ। ਨਹੀਂ ਤਾਂ ਸ਼ਰਧਾਂਜਲੀਆਂ ਤੋਂ ਬਾਅਦ ਹੀ ਅਗਲੇ ਦਿਨ ਲਈ ਇਜਲਾਸ ਉਠਾ ਦਿੱਤਾ ਜਾਵੇਗਾ।

ਇਜਲਾਸ ਅਗਲੇ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ ਅਤੇ ਸਪੀਕਰ ਵੱਲੋਂ ਇਸ ਨੂੰ ਅਣਮਿੱਥੇ ਸਮੇਂ ਤੱਕ ਮੁਲਤਵੀ ਕਰਨ ਤੱਕ ਜਾਰੀ ਰਹੇਗਾ। ਇਸ ਦੋ ਰੋਜ਼ਾ ਸੈਸ਼ਨ ਦੇ ਕੰਮਕਾਜ ਦਾ ਏਜੰਡਾ ਮੰਗਲਵਾਰ ਸਵੇਰੇ ਵਿਧਾਨ ਸਭਾ ਕੰਪਲੈਕਸ ‘ਚ ਹੋਣ ਵਾਲੀ ਵਪਾਰ ਸਲਾਹਕਾਰ ਕਮੇਟੀ ਦੀ ਬੈਠਕ ‘ਚ ਤੈਅ ਕੀਤਾ ਜਾਵੇਗਾ। ਕਮੇਟੀ ਦੀ ਮੀਟਿੰਗ ਦੌਰਾਨ ਹੀ ਪ੍ਰਸ਼ਨ ਕਾਲ ਨਾਲ ਸਬੰਧਿਤ ਨਿਯਮਾਂ ਬਾਰੇ ਫ਼ੈਸਲਾ ਵਿਧਾਨ ਸਭਾ ਦੇ ਸਪੀਕਰ ਵੱਲੋਂ ਦਿੱਤਾ ਜਾਵੇਗਾ ਕਿਉਂਕਿ ਇਸ ਵਾਰ ਮੈਂਬਰਾਂ ਨੂੰ ਪ੍ਰਸ਼ਨ ਕਾਲ ਲਈ ਆਪਣੇ ਸਵਾਲ ਭੇਜਣ ਦਾ ਮੌਕਾ ਨਹੀਂ ਮਿਲਿਆ ਅਤੇ ਇਸ ਲਈ ਉਨ੍ਹਾਂ ਨੇ ਢਿੱਲ ਦੇਣ ਦੀ ਮੰਗ ਕੀਤੀ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸੰਕੇਤ ਦਿੱਤਾ ਕਿ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਕਈ ਲੋਕ ਹਿੱਤ ਬਿੱਲ ਪਾਸ ਕਰਨ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਬਿੱਲਾਂ ਦਾ ਖੁਲਾਸਾ ਨਹੀਂ ਕੀਤਾ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਗੰਨਾ ਕਿਸਾਨਾਂ ਲਈ ਨਵੀਂ ਕੀਮਤ ‘ਤੇ ਸਦਨ ‘ਚ ਬਿਆਨ ਦੇ ਸਕਦੇ ਹਨ।

ਸੈਸ਼ਨ ਦੌਰਾਨ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿੱਲ 2023, ਪੰਜਾਬ ਗੁਡਸ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ 2023 ਅਤੇ ਭਾਰਤੀ ਸਟੈਂਪ (ਪੰਜਾਬ ਸੋਧ) ਬਿੱਲ 2023 ਪੇਸ਼ ਕੀਤੇ ਜਾਣਗੇ। ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਸੈਸ਼ਨ ਨੂੰ ਸਿਰਫ਼ ਦੋ ਦਿਨ ਲਈ ਬੁਲਾਉਣ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਸਰਕਾਰ ਨੂੰ ਸਦਨ ‘ਚ ਘੇਰਨ ਦੀ ਤਿਆਰੀ ਵੀ ਕਰ ਲਈ ਹੈ।

ਵਿਰੋਧੀ ਧਿਰ ਨੇ ਸਪੀਕਰ ਨੂੰ ਪੱਤਰ ਲਿਖ ਕੇ ਵਿਧਾਨ ਸਭਾ ਸੈਸ਼ਨ ਦੀ ਮਿਆਦ ਵਧਾ ਕੇ 10 ਦਿਨ ਕਰਨ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ 10 ਮੁੱਦਿਆਂ ‘ਤੇ ਚਰਚਾ ਦੀ ਮੰਗ ਕੀਤੀ। ਬਾਜਵਾ ਨੇ ਕਾਨੂੰਨ ਵਿਵਸਥਾ, ਕਿਸਾਨਾਂ ਦੇ ਮੁੱਦੇ, ਨਸ਼ਾ ਤਸਕਰੀ, ਸੂਬੇ ‘ਚ ਵੱਧ ਰਹੇ ਕਰਜ਼ੇ, ਸਰਕਾਰੀ ਖ਼ਜ਼ਾਨੇ ਦੀ ਫਜ਼ੂਲ ਖਰਚੀ ਵਰਗੇ ਕਈ ਮੁੱਦੇ ਸਦਨ ‘ਚ ਉਠਾਉਣ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਸੈਸ਼ਨ ਦੀ ਮਿਆਦ ਨੂੰ ਦੇਖਦੇ ਹੋਏ ਇਸ ਵਾਰ ਵਿਰੋਧੀ ਧਿਰ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਜ਼ਿਆਦਾ ਸਮਾਂ ਮਿਲਣਾ ਮੁਸ਼ਕਲ ਜਾਪਦਾ ਹੈ।

ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਨੇ ‘ਆਪ’ ਦੇ ਸਾਰੇ ਵਿਧਾਇਕਾਂ ਨੂੰ ਚਾਹ ‘ਤੇ ਬੁਲਾਇਆ ਸੀ ਅਤੇ ਇਸ ਵਿਧਾਨ ਸਭਾ ਸੈਸ਼ਨ ਲਈ ਰਣਨੀਤੀ ‘ਤੇ ਚਰਚਾ ਕੀਤੀ ਸੀ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਆਪਣੇ ਵਿਧਾਇਕਾਂ ਨੂੰ ਸਦਨ ਦੀ ਮਰਿਆਦਾ ਨੂੰ ਬਰਕਰਾਰ ਰੱਖਦੇ ਹੋਏ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਹਨ ਪਰ ਇਸ ਵਾਰ ਵੀ ਸਪੀਕਰ ਲਈ ਪਿਛਲੇ ਸੈਸ਼ਨਾਂ ਦੌਰਾਨ ਦੇਖੀਆਂ ਗਈਆਂ ਗਰਮਾ-ਗਰਮ ਬਹਿਸਾਂ ਨੂੰ ਰੋਕਣਾ ਚੌਤੀ ਪੂਰਨ ਹੋਵੇਗਾ।