ਦਿੱਲੀ : ਸਰਦਾਰ ਜੱਸਾ ਸਿੰਘ ਰਾਮਗੜੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਖ਼ਾਲਸਾ ਫ਼ਤਿਹ ਮਾਰਚ ਅੱਜ ਕਰਨਾਲ ਪਹੁੰਚਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਤੋਂ ਸ਼ੁਰੂ ਕੀਤੇ ਗਏ ਖ਼ਾਲਸਾ ਫ਼ਤਿਹ ਮਾਰਚ ਦਾ ਅੱਜ ਕਰਨਾਲ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਕਰਨਾਲ ਦੇ ਗੁਰਦੁਆਰਾ ਡੇਰਾ ਕਾਰ ਸੇਵਾ ਦੇ ਮੁਖੀ ਬਾਬਾ ਸੁੱਖਾ ਸਿੰਘ ਦੀ ਅਗਵਾਈ ਵਿੱਚ ਸਿੱਖ ਸੰਗਤ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਅਤੇ ਪੰਜ ਪਿਆਰਿਆਂ ਉੱਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।
ਖ਼ਾਲਸਾ ਫ਼ਤਿਹ ਮਾਰਚ ਕੱਲ੍ਹ ਸਵੇਰੇ ਸਾਢੇ 8 ਵਜੇ ਕਰਨਾਲ ਤੋਂ ਰਵਾਨਾ ਹੋਵੇਗਾ। ਅੱਜ ਰਾਤ ਦੇ ਪੜਾਅ ਤੋਂ ਬਾਅਦ ਖ਼ਾਲਸਾ ਫ਼ਤਿਹ ਮਾਰਚ ਸਵੇਰੇ ਸਾਢੇ 8 ਵਜੇ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਲਈ ਰਵਾਨਾ ਹੋਵੇਗਾ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਖ਼ਾਲਸਾ ਫ਼ਤਿਹ ਮਾਰਚ ਨਾਲ ਸਿੱਖ ਕੌਮ ਹੋਰ ਮਜ਼ਬੂਤ ਹੋਈ ਹੈ ਅਤੇ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ ਕਿਉਂਕਿ ਸਾਡੀ ਟੱਕਰ ਹਮੇਸ਼ਾ ਸਰਕਾਰਾਂ ਨਾਲ ਰਹੀ ਹੈ। ਸਰਨਾ ਨੇ ਕਿਹਾ ਕਿ ਇਹ ਦੇਸ਼ ਸਭ ਤੋਂ ਜ਼ਿਆਦਾ ਸਾਡਾ ਹੈ, ਕਿਉਂਕਿ ਸਿੱਖਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਹਨ।
ਸਰਨਾ ਨੇ ਹਰਿਆਣਾ ਕਮੇਟੀ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਮੈਂ ਕਮੇਟੀ ਬਣਾਉਣ ਦੇ ਹੱਕ ਵਿੱਚ ਸੀ ਪਰ ਇਸ ਤਰ੍ਹਾਂ ਨਾਲ ਨਹੀਂ। ਅੱਜ ਅਕਾਲੀ ਦਲ ਤੋਂ ਬੀਜੇਪੀ ਅਲੱਗ ਹੋਇਆ ਹੈ ਤਾਂ ਉਸਨੂੰ ਹਰਿਆਣਾ ਵਿੱਚ ਵੀ ਨੁਕਸਾਨ ਹੋਇਆ ਹੈ। ਹਰਿਆਣਾ ਕਮੇਟੀ ਦੀ ਚੋਣ ਦਾ ਐਲਾਨ ਕਰ ਦੇਣਾ ਚਾਹੀਦਾ ਹੈ।
ਸਰਨਾ ਨੇ ਇਤਿਹਾਸ ਦੱਸਦਿਆਂ ਕਿਹਾ ਕਿ ਬਾਬਾ ਜੱਸਾ ਸਿੰਘ ਰਾਮਗੜੀਆ 18ਵੀਂ ਸਦੀ ਦੇ ਮਹਾਨ ਯੋਧਾ ਹੋਏ ਹਨ, ਜਿਨ੍ਹਾਂ ਨੇ 1783 ਈ ਵਿੱਚ ਬਾਬਾ ਜੱਸਾ ਸਿੰਘ ਆਹਲੂਵਾਲੀਆ ਅਤੇ ਬਾਬਾ ਬਘੇਲ ਸਿੰਘ ਦੇ ਨਾਲ ਮਿਲ ਕੇ ਦਿੱਲੀ ਦੇ ਲਾਲ ਕਿਲ੍ਹੇ ਤੋਂ ਮੁਗਲ ਰਾਜ ਦਾ ਝੰਡਾ ਉਖੇੜ ਕੇ ਸੁੱਟ ਦਿੱਤਾ ਸੀ। ਭਾਰਤ ਦੇ ਇਤਿਹਾਸ ਵਿੱਚ ਦਿੱਲੀ ਨੂੰ ਫ਼ਤਿਹ ਕਰਨ ਤੋਂ ਬਾਅਦ ਮੁਗਲਾਂ ਦੇ ਪ੍ਰਭਾਵ ਨੂੰ ਸਮਾਪਤ ਕਰਕੇ ਪਹਿਲੀ ਵਾਰ ਖ਼ਾਲਸਾ ਪੰਥ ਦਾ ਝੰਡਾ ਲਹਿਰਾਇਆ ਸੀ, ਜਿਸ ਵਿੱਚ ਬਾਬਾ ਜੱਸਾ ਸਿੰਘ ਰਾਮਗੜੀਆ ਦੀ ਅਹਿਮ ਭੂਮਿਕਾ ਰਹੀ ਸੀ।