ਅੰਮ੍ਰਿਤਸਰ ਵਿਚ ਧੀ ਨੂੰ ਮਾਰਨ ਵਾਲੇ ਨਿਹੰਗ ਸਿੰਘ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਦੌਰਾਨ ਪਿਤਾ ਨੇ ਆਖਿਆ ਹੈ ਉਹ ਆਣਖਾਂ ਵਾਲੇ ਲੋਕ ਹਨ। ਉਸ ਨੇ ਆਪਣੇ ਧੀ ਨੂੰ ਮਾਰਿਆ ਹੈ ਕਿਉਂਕਿ ਉਹ ਇਕ ਰਾਤ ਤੇ ਇਕ ਦਿਨ ਕਿਸੇ ਹੋਰ ਨਾਲ ਰਹਿ ਕੇ ਆਈ ਸੀ। ਅਸੀਂ ਅਣਖਾਂ ਵਾਲੇ ਲੋਕ ਹਾਂ, ਮੇਰੀ ਧੀ ਬਾਹਰ ਰਹਿ ਕੇ ਆਈ ਸੀ, ਇਸ ਲਈ ਮਾਰ ਦਿੱਤਾ। ਅੱਗੇ ਤੋਂ ਕਿਸੇ ਦੀ ਧੀ ਅਜਿਹਾ ਨਾ ਕਰੇ, ਇਸ ਲਈ ਮਾਰ ਦਿੱਤਾ।
16 ਸਾਲ ਦੀ ਧੀ ਦੇ ਚਰਿੱਤਰ ‘ਤੇ ਸ਼ੱਕ ਦੇ ਚੱਲਦਿਆਂ ਪਿਓ ਨੇ ਉਸ ਦਾ ਕਤਲ ਕੀਤਾ ਸੀ। ਇਸ ਕਲਯੁੱਗੀ ਪਿਓ ਨੇ ਧੀ ਦਾ ਕਤਲ ਕਰਨ ਦੇ ਬਾਅਦ ਲਾਸ਼ ਨੂੰ ਆਪਣੀ ਮੋਟਰਸਾਈਕਲ ਨਾਲ ਬੰਨ੍ਹ ਕੇ ਪੂਰੇ ਪਿੰਡ ਵਿਚ ਘੁਮਾਇਆ ਤੇ ਫਿਰ ਉਸ ਨੂੰ ਰੇਲਵੇ ਲਾਈਨ ‘ਤੇ ਸੁੱਟ ਦਿੱਤਾ। ਪੁਲਿਸ ਮੁਲਜ਼ਮ ਪਿਤਾ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲਵੇਗੀ।
ਘਟਨਾ ਟਾਂਗਰਾ ਦੇ ਪਿੰਡ ਮੁੰਛਲ ਦੀ ਹੈ। ਧੀ 2 ਦਿਨ ਤੋਂ ਘਰ ਤੋਂ ਲਾਪਤਾ ਸੀ। ਕਾਫੀ ਲੱਭਣ ਦੇ ਬਾਅਦ ਉਹ ਕਿਤੇ ਨਹੀਂ ਮਿਲੀ ਪਰ ਬੀਤੀ ਦਿਨੀਂ ਦੁਪਹਿਰ 2 ਵਜੇ ਉਹ ਅਚਾਨਕ ਘਰ ਪਰਤ ਆਈ। ਇਸ ਦੇ ਬਾਅਦ ਗੱਲਬਾਤ ਕੀਤੇ ਬਿਨਾਂ ਪਿਤਾ ਨੇ ਤੇਜ਼ਧਾਰ ਹਥਿਆਰ ਨਾਲ ਧੀ ਦਾ ਕਤਲ ਕਰ ਦਿੱਤਾ। ਕਤਲ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ। ਪਿੰਡ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ।
ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ 2 ਦਿਨ ਤੋਂ ਲਾਪਤਾ ਸੀ ਜਿਵੇਂ ਉਹ ਉਹ ਘਰ ਆਈ ਪਿਤਾ ਨੇ ਵਾਲਾਂ ਤੋਂ ਫੜਿਆ ਤੇ ਘਸੀਟ ਕੇ ਬਾਹਰ ਲੈ ਗਿਆ। ਪੂਰੇ ਪਰਿਵਾਰ ਨੂੰ ਧਮਕੀ ਦਿੱਤੀ ਕਿ ਜੇਕਰ ਕੋਈ ਬਾਹਰ ਆਇਆ ਤਾਂ ਉਸ ਨੂੰ ਵੀ ਮਾਰ ਦੇਵੇਗਾ। ਇਸ ਦੇ ਬਾਅਦ ਪਰਿਵਾਰ ਵਿਚ ਕਿਸੇ ਨੇ ਵੀ ਨਹੀਂ ਪੁੱਛਿਆ ਤੇ ਨਾ ਹੀ ਪਿੱਛੇ ਮੁੜ ਕੇ ਦੇਖਿਆ।
ਪਿਤਾ ਨੇ ਧੀ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਮੋਟਰਸਾਈਕਲ ਦੇ ਪਿੱਛੇ ਬੰਨ੍ਹਿਆ ਤੇ ਰੇਲਵੇ ਲਾਈਨਾਂ ਤੱਕ ਲੈ ਗਿਆ। ਪਿਤਾ ਦੀ ਕੋਸ਼ਿਸ਼ ਸੀ ਕਿ ਲਾਸ਼ ਦੇ ਉਪਰੋਂ ਟ੍ਰੇਨ ਲੰਘ ਜਾਵੇ ਤੇ ਇਹ ਪੂਰੀ ਘਟਨਾ ਐਕਸੀਡੈਂਟ ਦਿਖੇ ਪਰ ਇਸ ਤੋਂ ਪਹਿਲਾਂ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ।
ਪਿਓ ਨੇ ਜਿਸ ਹਥਿਆਰ ਨਾਲ ਧੀ ਦਾ ਕਤਲ ਕੀਤਾ ਉਸ ਨੂੰ ਹਾਸਲ ਕਰਨ ਲਈ ਪੁਲਿਸ ਮੁਲਜ਼ਮ ਦਾ ਰਿਮਾਂਡ ਹਾਸਲ ਕਰੇਗੀ। ਇਸ ਤੋਂ ਇਲਾਵਾ ਬੇਟੀ ਦੇ ਕਤਲ ਕਰਨ ਦੀ ਮਨਸ਼ਾ ਬਾਰੇ ਵੀ ਪੁਲਿਸ ਪਿਓ ਤੋਂ ਪੁੱਛਗਿਛ ਕਰੇਗੀ।