ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਨੂੰ ਅੱਜ ਕਿਸਾਨਾਂ ਨੇ ਘੇਰਿਆ ਹੈ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਨੇ ਇਥੇ ਰੈਲੀ ਕਰਕੇ ਕਿਸਾਨਾਂ ਨੂੰ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਅਤੇ ਗਊਆਂ ਦੀ ਚਮੜੀ ਦੀ ਬਿਮਾਰੀ ਕਾਰਨ ਹੋਈਆਂ ਮੌਤਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਜਿਲ੍ਹੇ ਸੰਗਰੂਰ ਵਿੱਚ ਕਿਸਾਨਾਂ ਵੱਲੋਂ ਲਾਏ ਗਏ ਧਰਨੇ ਦਾ ਅੱਜ 12 ਵਾਂ ਦਿਨ ਹੈ । ਦਿੱਲੀ ਦੇ ਬਾਰਡਰਾਂ ਵਾਂਗ ਕਿਸਾਨਾਂ ਵੱਲੋਂ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਖੋਲਿਆ ਗਿਆ ਹੈ।
ਇਸ ਅਣਮਿੱਥੇ ਰੋਸ ਧਰਨੇ ਦਾ ਸੱਦਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਦਿੱਤਾ ਸੀ। ਦਿੱਲੀ ਮੋਰਚੇ ਵਾਂਗ ਕਿਸਾਨ ਇਥੇ ਵੀ ਵੱਡੀ ਗਿਣਤੀ ਵਿੱਚ ਰਾਸ਼ਨ ਲੈ ਕੇ ਪਹੰਚੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਮੰਗਾਂ ਲਾਗੂ ਨਹੀਂ ਕਰ ਦਿੰਦੀ, ਉਦੋ ਤੱਕ ਧਰਨਾ ਜਾਰੀ ਰਹੇਗਾ। 6 ਮਹੀਨਿਆਂ ਦਾ ਰਾਸ਼ਨ ਉਹ ਨਾਲ ਲੈ ਕੇ ਆਏ ਹਨ ।
ਸੰਗਰੂਰ ਵਿੱਚ ਕਿਸਾਨਾਂ ਵਲੋਂ ਲਗਾਇਆ ਗਿਆ ਪੱਕਾ ਮੋਰਚੇ ਤੋਂ ਸਿੰਘੂ ਜਾਂ ਫਿਰ ਟਿਕਰੀ ਬਾਰਡਰ ਦਾ ਭੁਲੇਖਾ ਪੈਂਦਾ ਹੈ। ਕਿਸਾਨ ਇਥੇ ਵੀ ਬਿਲਕੁਲ ਉਸੇ ਤਰ੍ਹਾਂ ਆਪਣੀ ਟਰਾਲੀਆਂ ਸਜਾ ਕੇ ਲਿਆਏ ਹਨ ਤੇ ਉਸੇ ਤਰਾਂ ਹੀ ਸੜਕਾਂ ਦੇ ਕਿਨ੍ਹਾਰੇ ਖੜੀਆਂ ਕਰ ਪ੍ਰਦਰਸ਼ਨ ਕਰ ਰਹੇ ਹਨ।
ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਅੰਦੋਲਨ ਦੌਰਾਨ ਬਣਿਆ ਮਾਹੌਲ ਹੁਣ ਸੰਗਰੂਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਉੱਤੇ ਬੈਠੇ ਹਨ
(ਰਿਪੋਰਟ – ਸਰਬਜੀਤ ਸਿੰਘ ਧਾਲੀਵਾਲ, ਸ਼ੂਟ – ਮਯੰਕ ਮੋਂਗੀਆ, ਐਡਿਟ – ਅਸਮਾ ਹਾਫ਼ਿਜ਼)#FarmersProtest pic.twitter.com/KXsV2Vqm25— BBC News Punjabi (@bbcnewspunjabi) October 15, 2022
ਕਿਸਾਨਾਂ ਵੱਲੋਂ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਵੱਖ-ਵੱਖ ਥਾਵਾਂ ਤੇ ਕਿਸਾਨਾਂ ਵੱਲੋਂ ਲੰਗਰ ਬਣਾਇਆ ਜਾ ਰਿਹਾ ਹੈ। ਰਾਤ ਵੀ ਕਿਸਾਨ ਸੜਕਾਂ ‘ਤੇ ਹੀ ਸੁੱਤੇ ਸੀ। ਹਾਲਾਂਕਿ ਪਿਛਲੇ ਦਿਨੀਂ ਪਏ ਮੀਂਹ ਨੇ ਮੋਰਚੇ ਵਿੱਚ ਡੱਟੇ ਹੋਏ ਕਿਸਾਨਾਂ ਦੇ ਟਿਕਾਣਿਆਂ ਦਾ ਕਾਫੀ ਨੁਕਸਾਨ ਕੀਤਾ ਸੀ ।
ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨ ਆਗੂਆਂ ਦੀ ਨਾਲ ਮੀਟਿੰਗ ਵੀ ਹੋਈ ਸੀ,ਜੋ ਕਿ ਤਕਰੀਬਨ ਢਾਈ ਘੰਟੇ ਚੱਲੀ। ਇਸ ਮੀਟਿੰਗ ਵਿੱਚ ਕਿਸਾਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਸੀ । ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਲਈ ਆਪਣੀ ਸਹਿਮਤੀ ਪ੍ਰਗਟਾਈ ਸੀ ਪਰ ਇਹਨਾਂ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ। ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਸੀ ਤੇ ਆਗੂਆਂ ਵੱਲੋਂ ਮੰਗਾਂ ਲਾਗੂ ਹੋਣ ਤੱਕ ਪੱਕਾ ਮੋਰਚਾ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਜਾ ਕੇ ਫਤਿਹ ਪਾਈ ਸੀ ਪਰ ਹੁਣ ਤਾਂ ਬੈਠੇ ਹੀ ਆਪਣੇ ਸੂਬੇ ਵਿੱਚ ਹਾਂ,ਸੋ ਸੰਘਰਸ਼ ਜਾਰੀ ਰਹੇਗਾ।