The Khalas Tv Blog Punjab ਅੱਜ ਫਿਰ ਕਿਸਾਨ ਉੱਤਰੇ ਸੜ੍ਹਕਾਂ ‘ਤੇ, ਸੀਬੀਆਈ ਵਲੋਂ ਕੀਤੀ ਗਈ ਛਾਪੇਮਾਰੀ ਵਿਰੁੱਧ ਪ੍ਰਗਟ ਕੀਤਾ ਗਿਆ ਰੋਸ
Punjab

ਅੱਜ ਫਿਰ ਕਿਸਾਨ ਉੱਤਰੇ ਸੜ੍ਹਕਾਂ ‘ਤੇ, ਸੀਬੀਆਈ ਵਲੋਂ ਕੀਤੀ ਗਈ ਛਾਪੇਮਾਰੀ ਵਿਰੁੱਧ ਪ੍ਰਗਟ ਕੀਤਾ ਗਿਆ ਰੋਸ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੇ ਘਰਾਂ ‘ਤੇ  ਕੁਝ ਦਿਨ ਪਹਿਲਾਂ ਸੀਬੀਆਈ ਵਲੋਂ ਕੀਤੀ ਗਈ ਛਾਪੇਮਾਰੀ ਵਿਰੁੱਧ ਰੋਸ ਅੱਜ ਪੰਜਾਬ ਦੀਆਂ ਸੜ੍ਹਕਾਂ ‘ਤੇ ਦੇਖਣ ਨੂੰ ਮਿਲਿਆ ਹੈ। ਅੱਜ ਜ਼ਿਲ੍ਹਾ ਹੈੱਡਕੁਆਰਟਰਾਂ ਸਾਹਮਣੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਰੋਸ ਮੁਜ਼ਾਹਰੇ ਕੀਤੇ ਹਨ ਤੇ  ਕੇਂਦਰ ਦੀ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਹਨ।

ਇਸ ਦੌਰਾਨ ਡਿਪਟੀ ਕਮਿਸ਼ਨਰਾਂ ਰਾਹੀਂ ਦੇਸ਼ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਕਿਸਾਨ ਲਹਿਰ ਵਿਰੁੱਧ ਸਿਆਸੀ ਬਦਲਾਖ਼ੋਰੀ ਦੀ ਕਾਰਵਾਈ ਬੰਦ ਕਰਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕੀਤਾ ਜਾਵੇ।ਸੂਬੇ ਦੇ ਲਗਭਗ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਸਾਹਮਣੇ ਇਹ ਮੁਜ਼ਾਹਰੇ ਹੋਏ ਹਨ।

ਦਸਣਨਯੋਗ ਹੈ ਕਿ ਬੀਤੀ 21 ਫਰਵਰੀ 2023 ਨੂੰ ਸੀਬੀਆਈ ਦੀਆਂ ਵੱਖ-ਵੱਖ ਟੀਮਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਹਰਿੰਦਰ ਸਿੰਘ ਲੱਖੋਵਾਲ ਅਤੇ  ਸਤਨਾਮ ਸਿੰਘ ਬਹਿਰੂ ਦੇ ਘਰਾਂ ਅਤੇ ਕਾਰੋਬਾਰੀ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ।ਛਾਪੇਮਾਰੀ ਦੌਰਾਨ ਏਜੰਸੀ ਅਧਿਕਾਰੀਆਂ ਨੇ ਨਿਯਮਾਂ ਅਨੁਸਾਰ ਨਾ ਤਾਂ ਸਹੀ ਢੰਗ ਨਾਲ ਜਾਣਕਾਰੀ ਦਿੱਤੀ, ਨਾ ਹੀ ਸਰਚ ਵਾਰੰਟ ਦਿਖਾਇਆ ਅਤੇ ਨਾ ਹੀ ਕੋਈ ਐਫਆਈਆਰ ਮੁਹੱਈਆ ਕਰਵਾਈ। ਉਲਟਾ ਕਿਸਾਨ ਆਗੂਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗਲਤ ਢੰਗ ਨਾਲ ਵਿਵਹਾਰ ਕੀਤਾ ਗਿਆ ਤੇ ਨਗਦੀ, ਗਹਿਣਿਆਂ, ਸ਼ੈਲਰ ਅਤੇ ਆੜਤ ਵਰਗੇ ਵਪਾਰਕ ਅਦਾਰਿਆਂ ਬਾਰੇ ਸਵਾਲ ਕਰਨ ਦੇ ਨਾਲ-ਨਾਲ ਘਰਾਂ ਦੀ ਫਰੋਲਾ ਫਰਾਲੀ ਕੀਤੀ ਗਈ ਸੀ। ਸੀਬੀਆਈ ਟੀਮਾਂ ਆਗੂਆਂ ਕੋਲੋਂ ਉਨ੍ਹਾਂ ਦੇ ਚੈਕ, ਬੈਂਕ ਪਾਸ ਬੁੱਕਾਂ ਅਤੇ ਜਥੇਬੰਦੀਆਂ ਦੀਆਂ ਲੈਟਰ ਪੈਡ ਅਤੇ ਆਪਣੇ ਕੁਝ ਜ਼ਰੂਰੀ ਕਾਗਜ਼ਾਤ ਆਦਿ ਆਪਣੇ ਨਾਲ ਲੈ ਕੇ ਗਏ। ਕਿਸਾਨ ਆਗੂਆਂ ਵਲੋਂ ਮੰਗ ਕਰਨ ਉਤੇ ਸੀਬੀਆਈ ਟੀਮਾਂ ਨੇ ਸਰਚ ਲਿਸਟ ਦਿੱਤੀ ਗਈ।

ਰਾਸ਼ਟਰਪਤੀ ਨੂੰ ਭੇਜੇ ਮੰਗ ਪੱਤਰ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਹਾਲੇ ਤੱਕ ਤਾਂ ਇਹ ਤੱਥ ਵੀ ਸਪਸ਼ਟ ਨਹੀਂ ਕਿ ਕੀ ਕਿਸਾਨ ਆਗੂਆਂ ਦਾ ਨਾਂ ਇਸੇ ਮੁਕੱਦਮੇ/ਕੇਸ ਵਿਚ ਦਰਜ ਕੀਤਾ ਗਿਆ ਹੈ ਜਾਂ ਨਹੀਂ? ਕਿਸਾਨ ਆਗੂਆਂ ਨੇ ਕਿਹਾ ਕਿ ਇਹ ਛਾਪੇਮਾਰੀ ਸਮਾਜ ਵਿਚ ਦੋਵੇਂ ਆਗੂਆਂ ਦੀ ਇੱਜ਼ਤ ਅਤੇ ਮਾਣ-ਸਤਿਕਾਰ ਨੂੰ ਠੇਸ ਪਹੁੰਚਾਉਣ ਲਈ ਕੀਤੀ ਗਈ ਹੈ।

ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਸੀਬੀਆਈ ਅਤੇ ਕੇਂਦਰ ਦੀ ਸੱਤਾ ਉਪਰ ਬੈਠੀ ਮੋਦੀ ਸਰਕਾਰ ਬੁਖਲਾਹਟ ‘ਚ ਆਕੇ ਕਿਸਾਨ ਲਹਿਰ ਨੂੰ ਬਦਨਾਮ ਕਰਨ ਅਤੇ ਲੋਕਾਂ ਵਿੱਚੋਂ ਨਿਖੇੜਣ ਦੇ ਯਤਨਾਂ ਵਜੋਂ  ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਲਗੀ ਹੋਈ ਹੈ । ਉਨ੍ਹਾਂ ਇਸ ਕਾਰਵਾਈ ਨੂੰ ‘ਸਿਆਸੀ ਬਦਲਾਖੋਰੀ’ ਕਰਾਰ ਦਿਤਾ ਹੈ ਤੇ ਕਿਹਾ ਹੈ ਕਿ ਅਜਿਹੇ ਘਟੀਆਂ ਹੱਥਕੰਡੇ ਸੰਯੁਕਤ ਕਿਸਾਨ ਮੋਰਚਾ ਨੂੰ ਕਿਸਾਨਾਂ ਦੇ ਹੱਕੀ ਮੰਗਾਂ ਮਸਲਿਆਂ ਲਈ ਆਵਾਜ਼ ਉਠਾਉਣ ਤੋਂ ਰੋਕ ਨਹੀ ਸਕਦੇ। ਉਨ੍ਹਾਂ ਨੇ ਅਜਿਹੇ ਯਤਨ ਤੁਰੰਤ ਬੰਦ ਕੀਤੇ ਜਾਣ ਦੀ ਮੰਗ ਕੀਤੀ ਹੈ।

ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ 20 ਮਾਰਚ ਨੂੰ ਦਿੱਲੀ ਵਿਖੇ ਕੀਤਾ ਜਾਣ ਵਾਲਾ ਵਿਸ਼ਾਲ ਵਿਰੋਧ ਪ੍ਰਦਰਸ਼ਨ ਹਰ ਹਾਲਤ ਵਿੱਚ ਹੋਵੇਗਾ।

Exit mobile version