‘ਦ ਖ਼ਾਲਸ ਬਿਊਰੋ : ਕਿਸਾਨਾਂ ਵੱਲੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਬੇਰੁਜ਼ਗਾਰੀ ਅਤੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਸੋਮਵਾਰ ਨੂੰ ਪ੍ਰਦਰਸਨ ਕਰਨ ਦਾ ਐਲਾਨ ਕੀਤਾ ਹੋਇਆ ਹੈ।ਇਸੇ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦੇ ਲਈ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਦਿੱਲੀ ਪਹੁੰਚੇ ਪਰ ਗਾਜ਼ੀਪੁਰ ਬਾਰਡਰ ਤੋਂ ਹੀ ਪੁਲਿਸ ਨੇ ਉਨ੍ਹਾਂ ਨੂੰ ਵਾਪਸ ਜਾਣ ਦੇ ਲਈ ਕਿਹਾ,ਜਦੋਂ ਉਨ੍ਹਾਂ ਨੇ ਮਨਾ ਕੀਤਾ ਤਾਂ ਪੁਲਿਸ ਨੇ ਟਿਕੈਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ,ਕਿਸਾਨ ਜਥੇਬੰਦੀ ਬੀਕੇਯੂ ਦੇ ਪ੍ਰਧਾਨ ਰਾਕੇਸ਼ ਟਿਕੈਤ ਨੂੰ ਪੁਲਿਸ ਮਧੂ ਵਿਹਾਰ ਥਾਣੇ ਵਿੱਚ ਲੈ ਕੇ ਆਈ ਹੈ ਜਿੱਥੇ ਪੁਲਿਸ ਉਨ੍ਹਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਅਤੇ ਵਾਪਸ ਜਾਣ ਦੀ ਅਪੀਲ ਕਰ ਰਹੀ ਹੈ ਜਦਕਿ ਟਿਕੈਤ ਨੇ ਇਲਜ਼ਾਮ ਲਗਾਇਆ ਹੈ ਕਿ ਦਿੱਲੀ ਪੁਲੀਸ ਕੇਂਦਰ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ। ਪੁਲੀਸ ਕਿਸਾਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ ਮੁੜ ਤੋਂ ਕਿਸਾਨ ਕੇਂਦਰ ਸਰਕਾਰ ਖਿਲਾਫ਼ ਮੋਰਚਾਬੰਦੀ ਕਰਨਗੇ,ਉਧਰ ਦਿੱਲੀ ਦੇ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਰਾਕੇਸ਼ ਟਿਕੈਤ ਨੂੰ ਨਜ਼ਰਬੰਦ ਕਰਨ ਦੀ ਨਿੰਦਾ ਕੀਤੀ ਹੈ,18 ਤੋਂ 20 ਅਗਸਤ ਦੌਰਾਨ ਲਖੀਮਰਪੁਰ ਖਿਰੀ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਰਾਕੇਸ਼ ਟਿਕੈਤ ਨੇ ਯੂਪੀ ਸਰਕਾਰ ਖਿਲਾਫ਼ ਜਮਕੇ ਹਮਲੇ ਕੀਤੇ ਸਨ।
ਇਸ ਦੇ ਬਾਵਜੂਦ ਇਸ ਧਰਨੇ ਵਿੱਚ ਪਹੁੰਚਣ ਲਈ ਕਿਸਾਨਾਂ ਨੇ ਪੂਰੀਆਂ ਤਿਆਰੀਆਂ ਖਿਚੀਆਂ ਹੋਈਆਂ ਹਨ। ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ, ਬਿਜਲੀ ਸੋਧ ਬਿੱਲ 2022, ਕਿਸਾਨਾਂ ‘ਤੇ ਦਰਜ ਕੀਤੇ ਪਰਚੇ ਰੱਦ ਕਰਵਾਉਣ ਅਤੇ ਕੇਂਦਰ ਸਰਕਾਰ ਵੱਲੋਂ ਮੰਨ ਲਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ 22 ਅਗਸਤ ਨੂੰ ਜੰਤਰ ਮੰਤਰ ਤੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਸ਼ਾਮਲ ਹੋਣ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਵੱਲ ਨੂੰ ਰਵਾਨਾ ਹੋ ਰਹੇ ਹਨ। ਪੰਜਾਬ ਦੇ ਮਾਲਵਾ ਇਲਾਕੇ ਦੇ ਜ਼ਿਲ੍ਹੇ ਮਾਨਸਾ ਦੇ ਰੇਲਵੇ ਸਟੇਸ਼ਨ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿੱਚ ਕਰੀਬ ਇੱਕ ਹਜ਼ਾਰ ਕਿਸਾਨਾਂ ਅਤੇ ਔਰਤਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ।
ਇਕੱਤਰ ਹੋਏ ਬੀਕੇਯੂ ਸਿੱਧੂਪੁਰ ਦੇ ਆਗੂਆਂ ਦਾ ਕਹਿਣਾ ਸੀ ਕਿ ਦਿੱਲੀ ਦੇ ਜੰਤਰ ਮੰਤਰ ਤੇ ਧਰਨਾ ਦੇਣ ਦਾ ਸੱਦਾ ਦਿੱਤਾ ਗਿਆ ਸੀ ਕਿਉਂਕਿ ਇਹ ਦਿੱਲੀ ਅੰਦੋਲਨ ਮੁਲਤਵੀ ਕਰਨ ਮੌਕੇ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਹਾਲੇ ਤੱਕ ਬਕਾਇਆ ਪਈਆਂ ਹਨ।
ਦਿੱਲੀ ਅੰਦੋਲਨ ਸਮੇਂ ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿਲ ਨੂੰ ਰੱਦ ਕਰਨ ਦੀ ਗੱਲ ਕਹੀ ਸੀ, ਪਰ ਹੁਣ ਇਹ ਬਿਲ ਲੋਕ ਸਭਾ ਵਿੱਚ ਪੇਸ਼ ਕਰਕੇ ਦੁਆਰਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ, ਬਿਜਲੀ ਸੋਧ ਬਿਲ ਨੂੰ ਰੱਦ ਕਰਵਾਉਣ, ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਾਉਣ ਅਤੇ ਕਿਸਾਨਾਂ ਤੇ ਦਰਜ ਪਰਚੇ ਰੱਦ ਕਰਵਾਉਣਾ,ਇਹ ਉਹ ਅਹਿਮ ਮੰਗਾਂ ਹਨ,ਜਿਹਨਾਂ ਨੂੰ ਲੈ ਕੇ ਦਿੱਲੀ ਵਿਖੇ ਇੱਕ ਦਿਨ ਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।