India Punjab

26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਗੁੰਮ ਹੋਇਆ ਕਿਸਾਨ ਪਹੁੰਚਿਆ ਘਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਅੰਦੋਲਨ ਦੌਰਾਨ ਗੁੰਮ ਹੋਇਆ ਇੱਕ ਨੌਜਵਾਨ ਕਰੀਬ ਸਾਢੇ ਸੱਤ ਮਹੀਨਿਆਂ ਬਾਅਦ ਆਪਣੇ ਘਰ ਪਹੁੰਚਿਆ ਹੈ। ਜਾਣਕਾਰੀ ਮੁਤਾਬਕ ਹਰਿਆਣਾ ਦੇ ਪਿੰਡ ਕੰਡੇਲਾ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਨੂੰ ਇੱਕ ਸੰਸਥਾ ਨੇ ਉਸਦੇ ਘਰ ਪਹੁੰਚਾਇਆ ਹੈ। ਇਹ ਨੌਜਵਾਨ 26ਜਨਵਰੀ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਗੁੰਮ ਹੋ ਗਿਆ ਸੀ।

ਗੈਰ ਸਰਕਾਰੀ ਆਸ਼ਰਮ ਅਧਿਕਾਰ ਅਭਿਆਨ ਸੰਸਥਾ ਦੇ ਸਾਜਨ ਲਾਲ ਨੇ ਦੱਸਿਆ ਕਿ ਉਕਤ ਨੌਜਵਾਨ ਬਿਜੇਂਦਰ ਉਨ੍ਹਾਂ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਕੋਲ ਫਲਾਈਓਵਰ ਹੇਠੋਂ ਬਿਨਾਂ ਕੱਪੜਿਆਂ ਤੋਂ ਮਿਲਿਆ ਸੀ। ਉਸਦੇ ਪੈਰਾਂ ਵਿੱਚ ਸੋਜ ਆਈ ਹੋਈ ਸੀ ਅਤੇ ਸ਼ਰੀਰ ਉੱਤੇ ਕਾਫੀ ਸੱਟਾਂ ਦੇ ਨਿਸ਼ਾਨ ਸਨ। ਉਸ ਦੀ ਮਾਨਸਿਕ ਹਾਲਤ ਸਹੀ ਨਹੀਂ ਸੀ। ਸੰਸਥਾ ਵੱਲੋਂ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲਿਆ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਨੇ ਕੁੱਝ ਦਿਨ ਪਹਿਲਾਂ ਹੀ ਆਪਣੇ ਘਰ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸਨੂੰ ਘਰ ਪਹੁੰਚਾ ਦਿੱਤਾ ਗਿਆ ਹੈ।

26 ਜਨਵਰੀ ਤੋਂ ਗੁੰਮ ਹੋਏ ਬਿਜੇਂਦਰ ਨੂੰ ਲੱਭਣ ਲਈ ਪਿੰਡ ਵਾਸੀਆਂ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਨੂੰ ਉਸ ਬਾਰੇ ਕੁੱਝ ਪਤਾ ਨਹੀਂ ਚੱਲਿਆ। ਹੁਣ ਇੱਕ ਸੰਸਥਾ ਨੇ ਉਸ ਨੂੰ ਉਸਦੇ ਪਿੰਡ ਪਹੁੰਚਾ ਦਿੱਤਾ ਹੈ।