India Lok Sabha Election 2024 Punjab

ਜਗਰਾਉਂ ‘ਚ ਮਹਾਪੰਚਾਇਤ ‘ਚ ਪਹੁੰਚੇ ਕਿਸਾਨ ਆਗੂ, PM ਮੋਦੀ ਨੂੰ ਘੇਰਨ ਲਈ ਬਣਾਉਣਗੇ ਰਣਨੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਆਮਦ ਨੂੰ ਦੇਖਦਿਆਂ ਕਿਸਾਨ ਜਥੇਬੰਦੀਆਂ ਉਨ੍ਹਾਂ ਦੇ ਵਿਰੋਧ ਲਈ ਰਣਨੀਤੀ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ। ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਲੁਧਿਆਣਾ ਦੇ ਕਸਬਾ ਜਗਰਾਉਂ ਦੀ ਦਾਣਾ ਮੰਡੀ ਵਿੱਚ ਕਿਸਾਨ-ਮਜ਼ਦੂਰ ਮਹਾਂਪੰਚਾਇਤ ਬੁਲਾਈ ਗਈ ਹੈ। ਮਹਾਂਪੰਚਾਇਤ ਵਿੱਚ ਮੁੱਖ ਤੌਰ ’ਤੇ ਸੀਨੀਅਰ ਆਗੂ ਹਰਿੰਦਰ ਸਿੰਘ ਲੱਖੋਵਾਲ, ਰਮਿੰਦਰ ਸਿੰਘ ਪਟਿਆਲਾ, ਜਗਮੋਹਨ ਸਿੰਘ ਪਟਿਆਲਾ, ਅੰਗਰੇਜ਼ ਸਿੰਘ, ਮੁਕੇਸ਼ ਚੰਦਰ ਆਦਿ ਪੁੱਜਣਗੇ।

ਪ੍ਰਧਾਨ ਹਰਿੰਦਰਾ ਸਿੰਘ ਲੱਖੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਕੁਝ ਦਿਨਾਂ ਵਿੱਚ ਪੰਜਾਬ ਆ ਰਹੇ ਹਨ। ਇਨ੍ਹਾਂ ਆਗੂਆਂ ਦਾ ਵਿਰੋਧ ਕਿਵੇਂ ਕਰਨਾ ਹੈ, ਇਸ ਬਾਰੇ ਮਹਾਪੰਚਾਇਤ ਵਿੱਚ ਰਣਨੀਤੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਕਿਸਾਨ ਮਜ਼ਦੂਰਾਂ ਨੂੰ ਵੀ ਬੇਨਤੀ ਕੀਤੀ ਜਾਵੇਗੀ ਕਿ ਉਹ ਲੋਕਤੰਤਰ ਵਿੱਚ ਰਹਿੰਦਿਆਂ ਹੀ ਵਿਰੋਧ ਕਰਨਗੇ। ਮਾਹੌਲ ਖਰਾਬ ਨਹੀਂ ਹੋਣ ਦੇਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਕਿਸਾਨ-ਮਜ਼ਦੂਰ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਨਗੇ। ਕਿਸਾਨਾਂ ਨੇ ਹੋਰ ਸਿਆਸੀ ਪਾਰਟੀਆਂ ਲਈ ਵੀ ‘ਸਵਾਲ ਕਰੋ’ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਕਿਸਾਨ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਸਵਾਲ ਕਰਨਗੇ ਕਿ ਉਨ੍ਹਾਂ ਨੇ ਕਿਸਾਨਾਂ-ਮਜ਼ਦੂਰਾਂ ਦੇ ਹਿੱਤ ਵਿੱਚ ਕੀ ਕੀਤਾ ਹੈ।