Punjab

ਕੁਲਵਿੰਦਰ ਦੇ ਹੱਕ ‘ਚ ਡਟਿਆ ਪਰਿਵਾਰ, ਕਿਸਾਨ ਜਥੇਬੰਦੀਆਂ ਨੇ ਸਾਥ ਦੇਣ ਦਾ ਕੀਤਾ ਐਲਾਨ

ਕੰਗਣਾ ਰਣੌਤ ਨੂੰ ਥੱਪੜ ਮਾਰਨ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਸੰਗਠਨ ਸਕੱਤਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਕਪੂਰਥਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ ਹਵਾਈ ਅੱਡੇ ‘ਤੇ ਵਾਪਰੀ ਸਾਰੀ ਘਟਨਾ ਸਕਿਉਰਟੀ ਨੂੰ ਲੈ ਕੇ ਵਾਪਰੀ ਹੈ। ਸ਼ੇਰ ਸਿੰਘ ਨੇ ਕਿਹਾ ਕਿ ਹਵਾਈ ਅੱਡੇ ’ਤੇ ਸਮਾਨ ਗਲਤ ਜਗ੍ਹਾਂ ਤੋਂ ਲਘਾਉਣ ਨੂੰ ਲੈ ਕੇ ਇਹ ਸਾਰੀ ਘਟਨਾ ਘਟੀ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਦੋਵਾਂ ਵਿੱਚ ਤੂੰ-ਤੂੰ ਮੈਂ ਮੈਂ ਹੋਈ ਹੈ। ਉਨ੍ਹਾਂ ਕਿਹਾ ਕਿ ਕੰਗਣਾ ਵੱਲੋਂ ਪੰਜਾਬ ਦੀਆਂ ਔਰਤਾਂ ਪ੍ਰਤੀ ਦਿੱਤੇ ਗਲਤ ਬਿਆਨਾਂ ਕਾਰਨ ਕੁਲਵਿੰਦਰ ਦੀਆਂ ਭਾਵਨਾਵਾਂ ਭੜਕੀਆਂ ਹਨ।

ਕੰਗਣਾ ਵੱਲੋਂ ਦਿਹਾੜੀ ‘ਤੇ ਧਰਨੇ ਵਿੱਚ ਕਿਸਾਨ ਔਰਤਾਂ ਨੂੰ ਲਿਆਉਣ ਦੇ ਬਿਆਨ ‘ਤੇ ਸ਼ੇਰ ਸਿੰਘ ਨੇ ਕਿਹਾ ਕਿ ਉਹ ਪੂਰੇ ਦੇਸ਼ ਦੀ ਲੜਾਈ ਲੜ ਰਹੇ ਹਨ। ਪੱਤਰਕਾਰਾਂ ਵੱਲੋਂ ਕਿਸਾਨਾਂ ਅਤੇ ਜਵਾਨਾਂ ਬਾਰੇ ਪੁੱਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਕਿਸਾਨ ਖੇਤਾਂ ਵਿੱਚ ਫਸਲ ਪਾਲ ਕੇ ਅਤੇ ਜਵਾਨ ਦੇਸ਼ ਦੀ ਰੱਖਿਆ ਕਰਕੇ ਦੇਸ਼ ਨੂੰ ਬਚਾ ਰਹੇ ਹਨ ਪਰ ਅਜਿਹੇ ਲੋਕ ਦੇਸ਼ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਭੈਣ ਕੁਲਵਿੰਦਰ ਕੌਰ ਦੇ ਨਾਲ ਹਨ। ਉਹ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਲਈ ਤਿਆਰ ਹਨ।

ਕੁਲਵਿੰਦਰ ਕੌਰ ਦੀ ਮਾਂ ਨੇ ਦਿੱਤਾ ਬਿਆਨ

ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਈ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦੀ ਮਾਂ ਨੇ ਕਿਹਾ ਕਿ ‘ਮੇਰੀ ਬੇਟੀ ਅਜਿਹਾ ਨਹੀਂ ਕਰ ਸਕਦੀ, ਕੰਗਨਾ ਨੇ ਗਲਤ ਭਾਸ਼ਾ ਦੀ ਵਰਤੋਂ ਕਰਕੇ ਉਸ ਨੂੰ ਉਕਸਾਇਆ ਜਾਂ ਮਜਬੂਰ ਕੀਤਾ ਹੋ ਸਕਦਾ ਹੈ।’ ਉਨ੍ਹਾਂ ਕਿਹਾ ਕਿ ਕੰਗਣਾ ਵੱਲੋਂ ਵਰਤੀ ਭੱਦੀ ਸ਼ਬਦਾਵਲੀ ਕਾਰਨ ਹੀ ਅਜਿਹਾ ਹੋਇਆ ਹੈ ਉਹ ਪੰਜਾਬ ਦੀਆਂ ਔਰਤਾਂ ਨੂੰ ਟਕੇ-ਟਕੇ ਦੀ ਦੱਸ ਦੀ ਹੈ। ਉਸ ਨੂੰ ਕੋਈ ਪੁੱਛੇ ਕਿ ਪੰਜਾਬ ਦੀਆਂ ਔਰਤਾਂ ਟਕੇ-ਟਕੇ ਦੀਆਂ ਹਨ।

ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਅਸੀਂ ਸਾਰੇ ਕੁਲਵਿੰਦਰ ਦੇ ਨਾਲ ਹਨ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਕੱਲ੍ਹ ਕੰਗਣਾ ਦਾ ਡਰਾਮਾ ਫਿਰ ਸਾਹਮਣਾ ਆਇਆ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ਪਿਛਲੇ ਲੰਬੇ ਸਮੇਂ ਤੋਂ ਨੌਕਰੀ ਕਰ ਰਹੀ ਹੈ ਪਰ ਪਹਿਲਾਂ ਅਜਿਹਾ ਕਦੀ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੁਲਵਿੰਦਰ ਦੇ ਪਰਿਵਾਰ ਵਿੱਚੋਂ ਪੰਜ ਲੋਕ ਫੌਜ ਵਿੱਚ ਨੌਕਰੀ ਕਰ ਚੁੱਕੇ ਹਨ। ਜਿਨ੍ਹਾਂ ਨੇ ਸਮੇਂ-ਸਮੇਂ ‘ਤੇ ਦੇਸ਼ ਦੀ ਰਾਖੀ ਕੀਤੀ ਹੈ। 

ਉਨ੍ਹਾਂ ਕਿਹਾ ਕਿ ਕੁਲਵਿੰਦਰ ਵੱਲੋਂ ਕੇਵਲ ਸੁਰੱਖਿਆ ਨੂੰ ਲੈ ਕੇ ਸਮਾਨ ਸਕੈਨਰ ਵਿੱਚ ਰੱਖਣ ਲਈ ਕਿਹਾ ਸੀ ਪਰ ਉਸ ਨੇ ਮੁੱਦੇ ਨੂੰ ਗਲਤ ਪਾਸੇ ਲੈ ਜਾ ਕੇ ਕੁਲਵਿੰਦਰ ਨੂੰ ਖ਼ਾਲਿਸਤਾਨੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੰਗਣਾ ਵੱਲੋਂ ਵੀਡੀਓ ਜਾਰੀ ਕਰ ਪੰਜਾਬੀਆਂ ਨੂੰ ਅੱਤਵਾਦੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੀ ਅਸੀਂ ਨਿੰਦਾ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਇਕ ਸੰਸਦ ਮੈਂਬਰ ਨੂੰ ਸਹੀ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਕੋਈ ਵੱਡਾ ਇਨਸਾਨ ਬਿਨ੍ਹਾਂ ਚੈਕ ਕੀਤੇ ਹਵਾਈ ਅੱਡੇ ਤੋਂ ਲੰਘ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ਨੂੰ ਪ੍ਰਧਾਨ ਮੰਤਰੀ ਵੱਲੋਂ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਕਿਉਂ ਕਿ ਚਾਹੇ ਕੋਈ ਵੀ ਹੋਵੇ ਪਰ ਉਹ ਸਕਿਉਰਟੀ ਤੋਂ ਬਿਨ੍ਹਾਂ ਨਹੀ ਲੰਘ ਸਕਦਾ। ਕੁਲਵਿੰਦਰ ਨੇ ਸਿਰਫ ਆਪਣੀ ਡਿਊਟੀ ਕੀਤੀ ਹੈ। 

ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ਵੱਲੋਂ ਆਪਣੀ ਡਿਊਟੀ ਕੀਤੀ ਗਈ ਹੈ ਪਰ ਕੰਗਣਾ ਨੇ ਡਰਾਮੇਬਾਜੀ ਕਰਕੇ ਇਸ ਮੁੱਦੇ ਨੂੰ ਭਖਾਇਆ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ਦੇ ਹੱਕ ਵਿੱਚ ਸਾਰੀਆਂ ਜਥੇਬੰਦੀਆਂ ਖੜੀਆਂ ਹਨ ਅਤੇ ਉਸ ਨੂੰ ਬਹਾਲ ਕਰਵਾਉਣ ਤੱਕ ਸੰਘਰਸ ਲੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਮੋਰਚਾ ਵੀ ਲਗਾਇਆ ਜਾਵੇਗਾ।

 

ਇਹ ਵੀ ਪੜ੍ਹੋ –  ਕੰਗਨਾ ਮਾਮਲੇ ’ਚ CISF ਦੇ ਉੱਚ ਅਧਿਕਾਰੀ ਦਾ ਬਿਆਨ- ਕੁਲਵਿੰਦਰ ਕੌਰ ਨੇ ਭਾਵਨਾਵਾਂ ’ਚ ਮਾਰਿਆ ਥੱਪੜ, ਮੰਗੀ ਮੁਆਫ਼ੀ