‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਮਨਮੀਤ ਕੌਰ ਦੀ ਵਾਇਰਲ ਹੋਈ ਵੀਡੀਓ ਬਾਰੇ ਬੋਲਦਿਆਂ ਕਿਹਾ ਕਿ ਉਸ ਕੋਲੋਂ ਜ਼ਬਰਦਸਤੀ ਬਿਆਨ ਦਵਾਇਆ ਗਿਆ ਹੈ। ਸਿਰਸਾ ਨਾਲ ਮੌਜੂਦ ਦਮਨਮੀਤ ਦੇ ਭਰਾ ਕ੍ਰਿਸ਼ਨ ਸਿੰਘ ਨੇ ਕਿਹਾ ਕਿ ‘ਇਹ ਜੋ ਵੀਡੀਓ ਵਾਇਰਲ ਹੋਈ ਹੈ, ਇਹ ਝੂਠ ਹੈ। ਸਾਨੂੰ ਦੱਸਿਆ ਗਿਆ ਸੀ ਕਿ ਸਾਡੀ ਸੁਣਵਾਈ ਦੋ ਦਿਨ ਬਾਅਦ ਹੈ ਪਰ ਉਸਦੀ ਸੁਣਵਾਈ ਅਗਲੇ ਦਿਨ ਹੀ ਕਰਵਾਈ ਜਾ ਚੁੱਕੀ ਸੀ। ਜਦੋਂ ਅਸੀਂ ਆਪਣੀ ਭੈਣ ਨੂੰ ਲੈ ਕੇ ਜੰਮੂ ਜਾ ਰਹੇ ਸੀ ਤਾਂ ਉਸਨੇ ਇਹ ਕਿਹਾ ਸੀ ਕਿ ਜਿਸ ਨਾਲ ਉਸਦਾ ਨਿਕਾਹ ਹੋਇਆ ਹੈ, ਉਸਦੇ ਭਰਾ ਨੇ ਵੀ ਪਹਿਲਾਂ ਕਿਸੇ ਲੜਕੀ ਦੇ ਨਾਲ ਇਸ ਤਰ੍ਹਾਂ ਦਾ ਹੀ ਕੁੱਝ ਕੀਤਾ ਸੀ।
ਅਸੀਂ ਆਪਣੀ ਭੈਣ ਲਈ ਇੱਕ ਲੜਕਾ ਵੀ ਵੇਖ ਕੇ ਰੱਖਿਆ ਹੋਇਆ ਸੀ ਅਤੇ ਮੇਰੀ ਭੈਣ ਨੂੰ ਵੀ ਉਹ ਰਿਸ਼ਤਾ ਮਨਜ਼ੂਰ ਸੀ। ਇੱਥੋਂ ਤੱਕ ਕਿ ਮੇਰੀ ਭੈਣ ਨੇ ਮੇਰੀ ਮਾਂ ਨੂੰ ਦੋ ਲੱਖ ਰੁਪਏ ਦਿੱਤੇ ਸਨ ਕਿ ਉਹ ਉਸਦੇ ਵਿਆਹ ਲਈ ਸੋਨੇ ਦਾ ਸਮਾਨ ਬਣਵਾ ਦੇਣ। ਕ੍ਰਿਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੁੜੀ ਨੂੰ ਜ਼ਬਰਦਸਤੀ ਬਿਆਨ ਦੁਵਾਇਆ ਹੈ। ਲੜਕੀ ਨੇ ਵੀਡੀਓ ਵਿੱਚ ਪਹਿਲਾਂ ਆਪਣੀ ਉਮਰ 29 ਸਾਲ ਦੱਸੀ ਸੀ ਪਰ ਬਾਅਦ ਵਿੱਚ ਆਪਣੀ ਉਮਰ 28 ਸਾਲ ਦੱਸੀ। ਮੇਰੀ ਭੈਣ ਨੂੰ ਜ਼ਬਰਦਸਤੀ ਰੱਖਿਆ ਗਿਆ ਹੈ। ਕ੍ਰਿਸ਼ਨ ਸਿੰਘ ਨੇ ਕਿਹਾ ਕਿ ਅਗਰ 24 ਘੰਟਿਆਂ ਦੇ ਅੰਦਰ ਮੇਰੀ ਭੈਣ ਨੂੰ ਪਰਿਵਾਰ ਦੇ ਹਵਾਲੇ ਨਾ ਕੀਤਾ ਗਿਆ ਤਾਂ ਮੈਂ ਪੂਰੀ ਸਰਕਾਰ ਦੇ ਸਾਹਮਣੇ ਸੁਸਾਇਡ ਕਰਾਂਗਾ ਅਤੇ ਇਸਦਾ ਸਾਰਾ ਦੋਸ਼ ਮੁੰਡੇ ਦੇ ਪਰਿਵਾਰ ਅਤੇ ਸਰਕਾਰ ‘ਤੇ ਲਾਵਾਂਗਾ।