ਬਿਉਰੋ ਰਿਪੋਰਟ – ਬੀਤੇ ਦਿਨੀਂ ਭਾਈ ਮਹਿਲ ਸਿੰਘ ਬੱਬਰ ਪਾਕਿਸਤਾਨ ਵਿਚ ਆਪਣੇ ਸਵਾਸ ਪੂਰੇ ਕਰਕੇ ਅਕਾਲ ਚਲਾਣਾ ਕਰ ਗਏ ਸਨ। ਭਾਈ ਮਹਿਲ ਸਿੰਘ ਦੇ ਨਮਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਅਖੰਡ ਕੀਰਤਨੀ ਜਥੇ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਾਈ ਮਹਿਲ ਸਿੰਘ ਦੇ ਪਰਿਵਾਰ ਨਾਲ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਭਾਈ ਸਾਹਿਬ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਸਿੱਖ ਸੰਘਰਸ਼ ਨੂੰ ਸਮਰਪਿਤ ਜਥੇਬੰਦੀਆਂ ਦਲ ਖਾਲਸਾ, ਅਖੰਡ ਕੀਰਤਨੀ ਜਥੇ ਦੀਆਂ ਸਾਰੀਆਂ ਸੰਗਤਾਂ ਇਸ ਸਮਾਗਮ ਵਿਚ ਪਹੁੰਚੀਆਂ ਹੋਈਆਂ ਸਨ, ਇਸ ਦੌਰਾਨ ਕਈ ਮੀਡੀਆ ਚੈਨਲ ਇਹ ਖਬਰ ਚਲਾ ਰਹੇ ਹਨ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਭਾਈ ਮਹਿਲ ਸਿੰਘ ਬੱਬਰ ਦੇ ਪਰਿਵਾਰ ਸਮੇਂ ਵਿਰੋਧ ਹੋਇਆ ਹੈ ਪਰ ਦਾ ਖਾਲਸ ਟੀਵੀ ਨੇ ਇਸ ਸਬੰਧੀ ਮੌਕੇ ਤੇ ਮੌਜੂਦ ਸੰਘਰਸ਼ੀ ਲੀਡਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਰਨੈਲ ਸਿੰਘ ਸਖੀਰਾ ਨਾਲ ਨਾਮ ਦੇ ਵਿਅਕਤੀ ਜੋ ਸਿਮਰਨਜੀਤ ਸਿੰਘ ਮਾਨ ਦਲ ਨਾਲ ਸਬੰਧਿਤ ਹੈ ਉਨ੍ਹਾਂ ਨੇ ਅਦਬ ਸਤਿਕਾਰ ਨਾਲ ਜਥੇਦਾਰ ਗੜਗੱਜ ਨੂੰ ਸਿਰੋਪਾ ਨਾ ਦੇਣ ਦੀ ਅਪੀਲ ਕੀਤੀ ਅਤੇ ਜਥੇਦਾਰ ਨੇ ਉਸ ਨੂੰ ਨਿਮਰਤਾ ਸਹਿਤ ਸਵੀਕਾਰ ਕਰ ਲਿਆ, ਉਨ੍ਹਾਂ ਇਹ ਵੀ ਦੱਸਿਆ ਕਿ ਐਸਜੀਪੀਸੀ ਨੇ ਸਿਰੋਪੇ ਦਿੱਤੇ ਹਨ ਤੇ ਉਸ ‘ਤੇ ਜਥੇਦਾਰ ਗੜਗੱਜ ਨੇ ਜੈਕਾਰੇ ਵੀ ਲਗਾਏ।
ਸੰਘਰਸ਼ੀ ਸਿੱਖ ਲੀਡਰ ਸਰਬਜੀਤ ਸਿੰਘ ਘੁਮਾਣ ਜੋ ਉੱਥੇ ਮੌਜੂਦ ਸਨ ਉਨ੍ਹਾਂ ਨੇ ਦੱਸਿਆ ਕਿ ਅੰਦਰ ਕਿਸੇ ਵੀ ਤਰ੍ਹਾ ਦੀ ਕੋਈ ਨਾਅਰੇਬਾਜ਼ੀ ਨਹੀਂ ਹੋਈ ਤੇ ਨਾ ਹੀ ਕਿਸੇ ਨੇ ਕੋਈ ਹੁਲੜਬਾਜ਼ੀ ਨਹੀਂ ਕੀਤੀ। ਘੁਮਾਣ ਨੇ ਇਕ ਪੋਸਟ ਰਾਂਹੀ ਦੱਸਿਆ ਕਿ ਭਾਈ ਮਹਿਲ ਸਿੰਘ ਦੇ ਭੋਗ ਮੌਕੇ ਅਦਬ ਸਤਿਕਾਰ ਨਾਲ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਕਹਿ ਦਿਤਾ ਗਿਆ ਕਿ ਓਹ ਸਿਰੋਪੇ ਨਾ ਦੇਣ, ਉਨਾ ਨੇ ਇਹ ਬੇਨਤੀ ਪਰਵਾਨ ਕਰ ਲਈ। ਉਥੇ ਕੋਈ ਹੁਲੜਬਾਜ਼ੀ ਨਹੀ ਹੋਈ, ਕੋਈ ਬਦਮਗਜੀ ਨਹੀ ਹੋਈ। ਪ੍ਰਕਾਸ਼ ਵਾਲੇ ਕਮਰੇ ਤੋਂ ਬਾਹਰ ਤਾਂ ਸੰਗਤ ਨੂੰ ਪਤਾ ਵੀ ਨਹੀ ਲਗਿਆ ਕਿ ਅੰਦਰ ਕੀਹਨੇ ਕੀਹਨੂੰ ਕਿਓਂ ਤੇ ਕੀ ਕਰਨ ਤੋਂ ਮਨਾ ਕੀਤਾ ਹੈ।ਪਰ ਹੁਣ ਘਰ ਆਕੇ ਦੇਖਿਆ ਕਿ ਯੂ ਟਿਊਬ ਚੈਨਲਾਂ ਉਤੇ ਘੜਮੱਸ ਮੱਚੀ ਪਈ ਹੈ ਜਿਵੇ ਓਥੇ ਪਾਣੀਪਤ ਦੀ ਤੀਜੀ ਲੜਾਈ ਹੋ ਗਈ ਹੋਵੇ। ਬਾਦਲ ਦਲ ਦਾ ਵਫਾਦਾਰ ਝਬਰ ਨਾਂ ਦਾ ਬੰਦਾ ਤਾਂ ਐਂ ਲਲਕਾਰੇ ਮਾਰਦਾ ਜਿਵੇ ਹੁਣੇ ਅਸਾਲਟਾਂ ਚੁਕਕੇ ਲਾਸ਼ਾਂ ਦਾ ਢੇਰ ਲਾ ਦੇਵੇਗਾ।ਨਾ ਓਹਨੂੰ ਕਿਸੇ ਗਲ ਦਾ ਪਤਾ, ਨਾ ਵਾਸਤਾ।ਸ਼ਰੋਮਣੀ ਕਮੇਟੀ ਵਾਲੇ ਤਾਂ ਭੋਗ ਤੇ ਆਈ ਸੰਗਤ ਨੂੰ ਅਕਾਲ ਤਖਤ ਸਾਹਿਬ ਦੇ ਹੇਠਲੇ ਹਿਸੇ ਵਿਚ ਲੰਗਰ ਛਕਾ ਰਹੇ ਨੇ ਤੇ ਝਬਰ ਪਤਾ ਨਹੀ ਕਿਓ ਲੋਹਾ ਲਾਖਾ ਹੋਇਆ ਫਿਰਦਾ।ਇਹਨੂੰ ਗੋਲੀ ਵਾਲਾ ਬੱਤਾ ਪਿਲਾਓ।ਜਥੇਦਾਰ ਦੇ ਮਸਲੇ ਉਤੇ ਵਾਦ ਵਿਵਾਦ ਜਰੂਰ ਹੈ ਪਰ ਸਿਖ ਸੰਘਰਸ਼ ਨੂੰ ਸਮਰਪਿਤ ਜਥੇਬੰਦੀਆ ਅਤੇ ਸਖਸ਼ੀਅਤਾਂ ਨੂੰ ਐਨੀ ਕੁ ਮਰਿਆਦਾ ਅਤੇ ਸਮਝ ਜਰੂਰ ਹੈ ਕਿ ਕਿਸੇ ਮਸਲੇ ਨੂੰ ਕਿਵੇਂ ਹਲ ਕਰਨਾ ਹੈ।ਇਹ ਹੋ ਹੀ ਨਹੀ ਸਕਦਾ ਕਾ ਖਾਲਿਸਤਾਨ ਦੀ ਆਜਾਦੀ ਲਈ ਚਲ ਰਹੇ ਸੰਘਰਸ਼ ਦੀ ਚੋਟੀ ਦੀ ਸਖਸ਼ੀਅਤ ਭਾਈ ਮਹਿਲ ਸਿੰਘ ਬਬਰ ਦੇ ਭੋਗ ਮੌਕੇ ਬੇਜਾਬਤਾ ਤੇ ਬੇਲਗਾਮ ਹੋਇਆ ਜਾਵੇ।ਤਹਿਜੀਬ ਦਾ ਪੱਲਾ ਫੜਕੇ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਬੇਨਤੀ ਕੀਤੀ ਗਈ ਜੋ ਉਨਾ ਮੰਨ ਲਈ। ਨਾ ਕਿਸੇ ਨੇ ਗੜਗਜ ਨਾਲ ਬਦਕਲਾਮੀ ਕੀਤੀ ਨਾ ਬਦਸਲੂਕੀ । ਸਭ ਕੁਛ ਸਹਿਜ ਤੇ ਸ਼ਾਂਤ ਸੀ।ਪਰ ਮੀਡੀਆ ਨੇ ਲਾਂਬੂ ਲਾਏ ਪਏ ਨੇ। ਉਪਰੋ ਉਨਾ ਨੂੰ ਝਬਰ ਲੱਭਿਆ ਹੋਇਆ। ਆਥਣ ਤੱਕ ਝਬਰ ਸਾਹਿਬ ਕਿਤੇ ਮਰਜੀਵੜੇ ਭਰਤੀ ਕਰਨ ਦਾ ਐਲਾਨ ਨਾ ਕਰ ਦੇਣ।
ਇਸ ਤੋਂ ਬਾਅਦ ਅਕਾਲ ਤਖਤ ਸਾਹਿਬ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਨੋਟ ਕੀਤਾ ਜਾਵੇ ਕਿ ਕੁਝ ਚੈਨਲਾਂ ‘ਤੇ ਭਾਈ ਮਹਿਲ ਸਿੰਘ ਬੱਬਰ ਜੀ ਦੇ ਅਕਾਲ ਚਲਾਣੇ ਦੇ ਸਬੰਧ ਸਮਾਗਮ ਦੌਰਾਨ ਸਿਰੋਪਾਓ ਬਾਰੇ ਖ਼ਬਰ ਨੂੰ ਗ਼ਲਤ ਰੰਗਤ ਦਿੱਤੀ ਜਾ ਰਹੀ ਹੈ। ਸਮਾਗਮ ਦੌਰਾਨ ਪੰਥ ਤੇ ਗੁਰ-ਭਾਈਆਂ ਵਿਚਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਤਲਖ ਮਾਹੌਲ ਨਹੀਂ ਬਣਿਆ ਅਤੇ ਸਮੁੱਚਾ ਸਮਾਗਮ ਪੂਰਨ ਸ਼ਾਂਤਮਈ ਢੰਗ ਨਾਲ ਸੰਪੰਨ ਹੋਇਆ।
ਇਹ ਵੀ ਪੜ੍ਹੋ – ਸੁਖਬੀਰ ਨੇ ਮੰਗੀ ਸੀਬੀਆਈ ਤੇ ਐਨਆਈਏ ਜਾਂਚ