‘ਦ ਖ਼ਾਲਸ ਬਿਊਰੋ : ਯੂਪੀ ਦੇ ਸਾਰਣ ਜ਼ਿਲ੍ਹੇ ਵਿੱਚ ਐੱਸਐੱਚਓ ਦੇਵ ਕੁਮਾਰ ਤਿਵਾੜੀ ਦਾ ਬਿਨਾਂ ਹੈਲਮੇਟ ਤੋਂ ਮੋਟਰਸਾਈਕਲ ਚਲਾਉਣ ਉੱਤੇ ਇੱਕ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਪੁਲਿਸ ਅਧਿਕਾਰੀ ਅਤੇ ਸਾਰਣ ਜ਼ਿਲ੍ਹਾ ਪੁਲਿਸ ਨੇ ਆਪਣੇ ਫੇਸਬੁੱਕ ਪੇਜ ਉੱਤੇ ਐੱਸਐੱਚਓ ਦੇਵ ਕੁਮਾਰ ਤਿਵਾੜੀ ਅਤੇ ਪੂਰੀ ਟੀਮ ਦੇ ਬਿਨਾਂ ਹੈਲਮੇਟ ਮੋਟਰਸਾਈਕਲ ਉੱਤੇ ਬੈਠਣ ਵਾਲੀ ਤਸਵੀਰ ਅਤੇ ਕੱਟੇ ਗਏ ਚਲਾਨ ਦੀ ਕਾਪੀ ਫੇਸਬੁੱਕ ਉੱਤੇ ਪੋਸਟ ਕੀਤੀ ਹੈ।
ਦੁਰਗਾ ਪੂਜਾ ਦੌਰਾਨ ਐੱਸਐੱਚਓ ਆਪਣੀ ਟੀਮ ਦੇ ਨਾਲ ਬਾਈਕ ਉੱਤੇ ਬਿਨਾਂ ਹੈਲਮੇਟ ਤੋਂ ਘੁੰਮ ਰਹੇ ਸਨ। ਸਥਾਨਕ ਲੋਕਾਂ ਨੇ ਇਸਦੀ ਵੀਡੀਓ ਬਣਾ ਕੇ ਐੱਸਪੀ ਨੂੰ ਭੇਜ ਦਿੱਤੀ। ਐੱਸਪੀ ਨੇ ਤੁਰੰਤ ਹੀ ਗੰਭੀਰ ਨੋਟਿਸ ਲੈਂਦਿਆਂ ਚਲਾਨ ਕੱਟਣ ਦੇ ਨਿਰਦੇਸ਼ ਦਿੱਤੇ। ਸਰਕਿਲ ਇੰਸਪੇਕਟਰ ਨੇ ਐਸਐਚਓ ਦੇਵ ਕੁਮਾਰ ਦੇ ਖਿਲਾਫ ਮੋਟਰ ਵਾਹਨ ਐਕਟ ਦੀ ਧਾਰਾ 194 (ਡੀ) ਦੇ ਤਹਿਤ ਬਿਨਾਂ ਹੈਲਮੇਟ ਪਹਿਨੇ ਦੁਪਹੀਆ ਵਾਹਨ ਚਲਾਉਣ ਉੱਤੇ ਇੱਕ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਹੈ।