The Khalas Tv Blog Punjab ਸਰਕਾਰੀ ਮੁਲਾਜ਼ਮਾਂ ਦੇ ਖਾਤਿਆਂ ‘ਚ ਲੱਗੀਆਂ ਰੌਣਕਾਂ
Punjab

ਸਰਕਾਰੀ ਮੁਲਾਜ਼ਮਾਂ ਦੇ ਖਾਤਿਆਂ ‘ਚ ਲੱਗੀਆਂ ਰੌਣਕਾਂ

‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਿਉੜੀਆਂ ਦੀ ਤਰ੍ਹਾਂ ਚੇਅਰਮੈਨੀਆਂ ਵੰਡ ਰਹੇ ਹਨ। ਤਿੰਨ ਸੌ ਯੂਨਿਟ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਪੁਗਾ ਦਿੱਤਾ ਹੈ। ਦੂਜੇ ਪਾਸੇ ਸਰਕਾਰੀ ਮੁਲਾਜ਼ਮਾਂ ਨੂੰ ਫਾਕੇ ਕੱਟਣ ਲਈ ਮਜ਼ਬੂਰ ਹੋਣਾ ਪਿਆ ਹੈ। ਇਹ ਸਰਕਾਰ ਦੇ ਪੇਤਲੀ ਵਿੱਤੀ ਹਾਲਤ ਦੇ ਸੰਕੇਤ ਹਨ। ਕੇਂਦਰ ਸਰਕਾਰ ਨੇ 1 ਜੁਲਾਈ ਤੋਂ ਪੰਜਾਬ ਨੂੰ ਜੀਐੱਸਟੀ ਦੀ ਮੁਆਵਜ਼ਾ ਰਾਸ਼ੀ ਦੇਣੀ ਬੰਦ ਕਰ ਦਿੱਤੀ ਹੈ। ਦੂਜੇ ਪਾਸੇ ਬਿਜਲੀ ਦੀ ਸਬਸਿਡੀ ਦਾ ਬੋਝ ਵੱਧ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਪੰਜ ਮਹੀਨਿਆਂ ਵਿੱਚ ਆਪ ਦੀ ਸਰਕਾਰ ਨੂੰ ਦੂਜੀ ਵਾਰ ਤਨਖਾਹ ਦੇਣੀ ਔਖੀ ਹੋਈ ਹੈ। ਵਿੱਤ ਵਿਭਾਗ ਨੇ ਦਰਜਾ ਚਾਰ ਮੁਲਾਜ਼ਮਾਂ ਦੀ ਤਨਖਾਹ ਛੇ ਸਤੰਬਰ ਤੱਕ ਦੇਣ ਦਾ ਵਾਅਦਾ ਕੀਤਾ ਸੀ ਜਿਹੜਾ ਕਿ ਵਫਾ ਨਾ ਹੋਇਆ। ਉਂਝ, ਬਾਅਦ ਦੁਪਹਿਰ ਅੱਜ ਪੰਜਾਬ ਦੇ ਤਿੰਨ ਲੱਖ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਰੌਣਕਾਂ ਲੱਗ ਗਈਆਂ।

ਇੱਕ ਜੁਲਾਈ ਤੋਂ 300 ਯੂਨਿਟ ਬਿਜਲੀ ਸਬਸਿਡੀ ਦੇਣ ਨਾਲ ਸਰਕਾਰ ਸਿਰ 1800 ਕਰੋੜ ਦਾ ਨਵਾਂ ਬੋਝ ਪਿਆ ਹੈ ਜਦਕਿ ਪਾਵਰਕੌਮ ਦੀ ਕੁੱਲ ਆਮਦਨ 33 ਹਜ਼ਾਰ ਕਰੋੜ ਹੈ। ਇਹਦਾ ਮਤਲਬ ਇਹ ਹੋਇਆ ਕਿ ਪਾਵਰਕੌਮ ਦੀ 60 ਫ਼ੀਸਦੀ ਆਮਦਨ ਸਬਸਿਡੀ ਵਿੱਚ ਜਾ ਰਹੀ ਹੈ। ਸਰਕਾਰ ਵੱਲੋਂ ਦਸੰਬਰ ਤੱਕ ਬਿਜਲੀ ਦੇ ਬਕਾਇਆ ਬਿੱਲ 1200 ਕਰੋੜ ਰੁਪਏ ਬਣ ਗਿਆ ਹੈ ਜਦਕਿ ਪਿਛਲੀ ਸਬਸਿਡੀ ਦੇ 9 ਹਜ਼ਾਰ ਕਰੋੜ ਵੱਖਰੇ ਸਰਕਾਰ ਵੱਲ ਖੜੇ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਜ਼ਮਾਂ ਦੀ ਔਖ ਨੂੰ ਮਹਿਸੂਸ ਕਰਦਿਆਂ ਅੱਜ ਸਵੇਰੇ ਬਾਅਦ ਦੁਪਹਿਰ ਤੱਕ ਤਨਖਾਹ ਪਾਉਣ ਦਾ ਵਾਅਦਾ ਕੀਤਾ ਸੀ ਜਿਹੜਾ ਕਿ ਪੂਰ ਚੜਾ ਦਿੱਤਾ ਗਿਆ ਹੈ। ਉਨ੍ਹਾਂ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਖ਼ਜ਼ਾਨਾ ਲੋਕਾਂ ਦਾ ਹੈ , ਅਸੀਂ ਤਾਂ ਕਰਜ਼ਾ ਵੀ ਨਹੀਂ ਲਿਆ, ਅਸੀਂ ਟੈਕਸ ਵੀ ਓਨਾ ਹੀ ਖਰਚ ਕਰਾਂਗੇ ਜਿੰਨਾਂ ਆਮ ਲੋਕਾਂ ਉੱਤੇ ਆਵੇਗਾ। ‘ਦ ਖ਼ਾਲਸ ਟੀਵੀ ਨੇ ਲੰਘੇ ਕੱਲ੍ਹ ਆਪਣੇ ਬਹੁ-ਚਰਚਿਤ ਸ਼ੋਅ ਪ੍ਰਾਈਮ ਟਾਈਮ ਵਿੱਚ ਖੁਲਾਸਾ ਕੀਤਾ ਸੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਤਨਖਾਹ ਦੇਣ ਲਈ ਕਰਜ਼ਾ ਚੁੱਕਣ ਦੀ ਥਾਂ ਆਪਣੇ ਪੱਧਰ ਉੱਤੇ ਬੰਦੋਬਸਤ ਕਰ ਰਹੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਬਿਆਨ ਦਿੰਦਿਆਂ ਕਿਹਾ ਸੀ ਕਿ ਪੰਜਾਬ ਦੇ 18 ਹਜ਼ਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਪੰਜਾਬ ਸਰਕਾਰ ਨੇ ਹਾਲੇ ਤੱਕ ਆਪਣੇ ਕਰਮਚਾਰੀਆਂ ਦੀਆਂ ਅਗਸਤ ਦੀਆਂ ਤਨਖਾਹਾਂ ਨਹੀਂ ਦਿੱਤੀਆਂ।

Exit mobile version