‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਕੱਲ੍ਹ 5 ਅਗਸਤ ਨੂੰ ਸਰਵ ਸਿੱਖਿਆ ਅਭਿਆਨ ਦੇ ਦਫ਼ਤਰੀ ਮੁਲਾਜ਼ਮਾਂ ਵੱਲੋਂ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਧਰਨੇ ‘ਤੇ ਬੈਠੇ ਇਨ੍ਹਾਂ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਨਾ ਕੋਸਦੇ ਹੋਏ ਇਸ ਦੀ ਤੰਦਰੁਸਤੀ ਲਈ ਤੇ ਸੂਬੇ ਦੇ ਮੁੱਖ ਮੰਤਰੀ ਨੂੰ ‘ਗੈਟ ਵੈੱਲ ਸੂਨ’ ਦੇ ਕਾਰਡ ਤੇ ਕਾੜ੍ਹੇ ਦੇ ਪੈਕੇਟ ਭੇਜੇ।
ਰੋਸ ਪ੍ਰਦਰਸ਼ਨ ਜਥੇਬੰਦੀ ਦੇ ਆਗੂ ਸ਼ੋਭਿਤ ਭਗਤ, ਵਿਸ਼ਾਲ ਮਹਾਜਨ, ਸੁਖਰਾਜ, ਗਗਨ ਸਿਆਲ, ਮੋਹਿਤ, ਰਾਜੀਵ, ਗਗਨਦੀਪ ਸ਼ਰਮਾ ਤੇ ਅਸ਼ੀਸ਼ ਜੁਲਾਹਾ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲੀ ਅਪ੍ਰੈਲ 2018 ਤੋਂ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਵਿਭਾਗ ‘ਚ ਪੱਕਾ ਕਰ ਦਿੱਤਾ ਗਿਆ ਸੀ, ਪਰ ਅਧਿਆਪਕਾਂ ਤੋਂ ਪਹਿਲਾਂ ਕੰਮ ਕਰ ਰਹੇ ਦਫ਼ਤਰੀ ਕਰਮਚਾਰੀਆਂ ਨੂੰ ਅਣਗੌਲਿਆ ਕੀਤਾ ਗਿਆ ਸੀ। ਆਗੂਆਂ ਨੇ ਦੱਸਿਆ ਕਿ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਵੱਲੋਂ ਵੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਪਰ ਸਰਕਾਰ ਸਮਾਂ ਟਪਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਐਲਾਨ ਕਰ ਚੁੱਕੇ ਹਨ, ਪਰ ਇਹ ਐਲਾਨ ਸਿਰਫ਼ ਅਖ਼ਬਾਰੀ ਬਿਆਨਾਂ ਤੱਕ ਹੀ ਸੀਮਤ ਰਹਿ ਗਏ ਹਨ।
ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ
ਸਰਵ ਸਿੱਖਿਆ ਅਭਿਆਨ ਦਫ਼ਤਰੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਦੀ ਤੰਦਰੁਸਤੀ ਲਈ ਕਾਰਡ ਤੇ ਕਾੜ੍ਹੇ ਦੇ ਪੈਕੇਟ ਭੇਜ ਕੇ ਅਰਦਾਸ ਕੀਤੀ ਤਾਂ ਜੋ ਉਹ ਛੇਤੀ ਤੰਦਰੁਸਤ ਹੋ ਕੇ ਮੁਲਾਜ਼ਮਾਂ ਦੀ ਗੱਲ ਸੁਣਨ। ਜਥੇਬੰਦੀ ਦੇ ਪ੍ਰਧਾਨ ਗੌਰਵ ਸ਼ਰਮਾ ਤੇ ਆਗੂ ਵਿਕਾਸ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਅਪ੍ਰੈਲ 2018 ਤੋਂ ਵਿਭਾਗ ‘ਚ ਕੰਮ ਕਰ ਕੇ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਸੀ, ਪਰ ਦਫ਼ਤਰੀ ਕਰਮਚਾਰੀਆਂ ਨੂੰ ਨਜ਼ਅੰਦਾਜ਼ ਕੀਤਾ ਜਦਕਿ ਵਿੱਤ ਵਿਭਾਗ ਵੱਲੋਂ ਪੱਕਾ ਕਰਨ ਲਈ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਖ਼ਿਲਾਫ਼ ਨਾਅਰੇ ਮਾਰੇ ਤੇ ਮਾਰਚ ਕੀਤਾ।