India Punjab Religion

ਹਰਿਆਣਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਨੂੰ ਸ਼੍ਰੋਮਣੀ ਕਮੇਟੀ ਨੇ ਕੀਤਾ ਰੱਦ , SGPC ਪ੍ਰਧਾਨ ਨੇ ਕਹੀ ਇਹ ਗੱਲ

The election of office bearers of the Haryana Committee was canceled by the Shiromani Committee

ਅੰਮ੍ਰਿਤਸਰ :  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ( Shiromani Gurdwara Parbandhak Committee ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ( Advocate Harjinder Singh Dhami )  ਨੇ ਸ਼੍ਰੋਮਣੀ ਕਮੇਟੀ ਨੂੰ ਤੋੜਣ ਦੇ ਮੰਤਵ ਤਹਿਤ ਸਰਕਾਰੀ ਦਖ਼ਲ ਨਾਲ ਬਣਾਈ ਜਾ ਰਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ( Haryana Sikh Gurdwara Management Committee ) ਦੇ ਅਹੁਦੇਦਾਰਾਂ ਦੀ ਅੱਜ ਹੋਈ ਚੋਣ ਨੂੰ ਰੱਦ ਕਰਦਿਆਂ ਕਿਹਾ ਕਿ ਸਿੱਖ ਕੌਮ ਅਜਿਹੀ ਕਿਸੇ ਵੀ ਸਰਕਾਰੀ ਕਮੇਟੀ ਨੂੰ ਪ੍ਰਵਾਨ ਨਹੀਂ ਕਰੇਗੀ ਅਤੇ ਇਸ ਦਾ ਵਿਰੋਧ ਜਾਰੀ ਰੱਖੇਗੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਵਿਰੋਧੀ ਵਿਚਾਰਧਾਰਾ ਵਾਲੀਆਂ ਸ਼ਕਤੀਆਂ ਅਤੇ ਸਰਕਾਰਾਂ ਦੇ ਦਖ਼ਲ ਨਾਲ ਜਬਰੀ ਬਣਾਈ ਜਾ ਰਹੀ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਸਿੱਖਾਂ ਦੇ ਹਿੱਤ ਵਿੱਚ ਨਹੀਂ ਹੈ। ਇਹ ਪੰਥਕ ਸੰਸਥਾਵਾਂ ਨੂੰ ਤੋੜਨ ਦੀ ਇੱਕ ਚਾਲ ਹੈ, ਜਿਸ ਪ੍ਰਤੀ ਸਿੱਖ ਕੌਮ ਵੱਲੋਂ ਪ੍ਰਗਟਾਏ ਖਦਸ਼ੇ ਸਰਕਾਰ ਵੱਲੋਂ ਅੱਜ ਕੀਤੀ ਗਈ ਇਸਦੇ ਅਹੁਦੇਦਾਰਾਂ ਦੀ ਚੋਣ ਨੇ ਸੱਚ ਕਰ ਦਿੱਤੇ ਹਨ।ਉਨ੍ਹਾਂ ਕਿਹਾ ਕਿ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਵੱਲੋਂ ਇਹ ਚੋਣ ਗੁਰੂ-ਘਰ ਦੀ ਥਾਂ ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਕਰਵਾਈ ਗਈ ਹੈ, ਜੋ ਸਿੱਧ ਕਰਦੀ ਹੈ ਕਿ ਹਰਿਆਣਾ ਕਮੇਟੀ ਦਾ ਪੰਥਕ ਸਰੋਕਾਰਾਂ ਨਾਲ ਕੋਈ ਸਬੰਧ ਨਹੀਂ, ਸਗੋਂ ਇਹ ਸਰਕਾਰ ਦੇ ਸਿੱਧੇ ਦਖ਼ਲ ਹੇਠ ਬਣਾਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕੌਮੀ ਕਾਰਜ ਸਰਕਾਰੀ ਦਫ਼ਤਰਾਂ ’ਚ ਨਹੀਂ ਸਗੋਂ ਇਹ ਪੰਥਕ ਰਵਾਇਤਾਂ ਅਨੁਸਾਰ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਕੀਤੇ ਜਾਂਦੇ ਹਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਆਖਿਆ ਸੀ ਕਿ ਹਰਿਆਣਾ ਗੁਰਦੁਆਰਾ ਕਮੇਟੀ ਆਰ.ਐਸ.ਐਸ. ਦੇ ਇਸ਼ਾਰੇ ਉੱਤੇ ਕਾਇਮ ਕੀਤੀ ਜਾ ਰਹੀ ਹੈ ਜਿਸਦੀ ਅੱਜ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਦੇ ਨਾਲ-ਨਾਲ ਹਰਿਆਣਾ ਦੀ ਭਾਜਪਾ ਸਰਕਾਰ ਸਿੱਖ ਮਸਲਿਆਂ ਨੂੰ ਸਿੱਧਾ ਆਪਣੇ ਹੱਥ ਵਿੱਚ ਲੈ ਕੇ ਆਪਣੀ ਮਨਸ਼ਾ ਅਨੁਸਾਰ ਚਲਾਉਣਾ ਚਾਹੁੰਦੀ ਹੈ, ਪਰੰਤੂ ਸਿੱਖ ਕੌਮ ਦਾ ਇਹ ਇਤਿਹਾਸ ਹੈ ਕਿ ਇਸ ਨੇ ਕਦੇ ਵੀ ਸਰਕਾਰੀ ਦਖ਼ਲ ਬਰਦਾਸ਼ਤ ਨਹੀਂ ਕੀਤਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਹਰਿਆਣਾ ਦੇ ਸਿੱਖ ਆਗੂਆਂ ਨੂੰ ਆਰ.ਐਸ.ਐਸ. ਅਤੇ ਇਸਦੀ ਰਾਜਸੀ ਧਿਰ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵੱਲੋਂ ਸਿੱਖ ਮਸਲਿਆਂ ਵਿੱਚ ਦਖ਼ਲ ਦੀਆਂ ਚੱਲੀਆਂ ਜਾ ਰਹੀਆਂ ਚਾਲਾਂ ਸਮਝਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਕੁਰਬਾਨੀਆਂ ਨਾਲ ਸਥਾਪਤ ਕੀਤੀਆਂ ਗਈਆਂ ਆਪਣੀਆਂ ਸੰਸਥਾਵਾਂ ਦੀ ਸਲਾਮਤੀ ਲਈ ਉਵੇਂ ਹੀ ਕੌਮੀ ਇੱਕਜੁੱਟਤਾ ਦਿਖਾਉਣ, ਜਿਵੇਂ ਜਗਦੀਸ਼ ਸਿੰਘ ਝੀਂਡਾ ਨੇ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਜੇ ਵੀ ਇਸ ਮਾਮਲੇ ’ਚ ਹਰਿਆਣਾ ਦੇ ਸਿੱਖ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਵਾਈ ’ਚ ਆ ਕੇ ਵਿਚਾਰ ਅਤੇ ਸੰਵਾਦ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਹਰਿਆਣਾ ਦੇ ਸਿੱਖਾਂ ਦਾ ਸ਼੍ਰੋਮਣੀ ਕਮੇਟੀ ਅਤੇ ਉਹ ਖੁਦ ਵੱਡਾ ਸਤਿਕਾਰ ਕਰਦੇ ਹਨ, ਜੋ ਹਮੇਸ਼ਾ ਕਾਇਮ ਰਹੇਗਾ।