‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਚੋਣਾਂ ਦੀ ਤਰੀਕ 14 ਫਰਵਰੀ ਤੋਂ ਅੱਗੇ ਪੈ ਸਕਦੀ ਹੈ ਕਿਉਂਕਿ ਚੋਣ ਕਮਿਸ਼ਨ ਇਸ ਮਸਲੇ ‘ਤੇ ਅੱਜ ਚਰਚਾ ਕਰ ਰਿਹਾ ਹੈ। ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਇੱਕ ਮੁੱਦੇ ‘ਤੇ ਇਕੱਠੀਆਂ ਹੋਈਆਂ ਹਨ ਅਤੇ ਇਹ ਮੁੱਦਾ ਹੈ 14 ਫਰਵਰੀ ਨੂੰ ਵੋਟਾਂ ਕਰਵਾਉਣ ਦਾ। ਦਰਅਸਲ, 14 ਫਰਵਰੀ ਨੂੰ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ। ਇਸ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਕਮਿਸ਼ਨ ਦੇ ਕੋਲ ਇਹ ਮੰਗ ਰੱਖੀ ਹੈ ਕਿ ਪੰਜਾਬ ਵਿੱਚ ਜੋ ਰਵੀਦਾਸੀਆ ਭਾਈਚਾਰਾ ਹੈ, ਉਹ ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਬਨਾਰਸ ਜਾਂ ਵਾਰਾਣਸੀ ਜਾਂਦਾ ਹੈ। ਲੱਖਾਂ ਦੀ ਗਿਣਤੀ ਵਿੱਚ ਪੰਜਾਬ ਦੇ ਲੋਕ ਬਾਹਰ ਜਾਣਗੇ ਤਾਂ ਉਹ ਵੋਟਾਂ ਪਾਉਣ ਤੋਂ ਖੁੰਝ ਜਾਣਗੇ, ਜਿਸਦਾ ਸਿਆਸੀ ਪਾਰਟੀਆਂ ਨੂੰ ਨੁਕਸਾਨ ਹੋਵੇਗਾ। ਪੰਜਾਬ ਵਿੱਚ ਅਨੁਸੂਚਿਤ ਜਾਤੀਆਂ / ਭਾਈਚਾਰੇ ਦੀ ਗਿਣਤੀ 32 ਫ਼ੀਸਦੀ ਦੇ ਕਰੀਬ ਮੰਨੀ ਜਾਂਦੀ ਹੈ।
ਚੋਣ ਕਮਿਸ਼ਨ ਅੱਜ ਸਿਆਸੀ ਪਾਰਟੀਆਂ ਦੀ ਉਸ ਮੰਗ ’ਤੇ ਵਿਚਾਰ ਕਰ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਵਿਧਾਨ ਸਭਾ ਚੋਣਾਂ ਸਬੰਧੀ ਵੋਟਾਂ ਦੀ ਤਰੀਕ 14 ਫਰਵਰੀ ਤੋਂ ਅੱਗੇ ਪਾਉਣ ਦੀ ਅਪੀਲ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਜਨਜੀਤ ਸਿੰਘ ਚੰਨੀ ਤੋਂ ਇਲਾਵਾ ਭਾਜਪਾ ਤੇ ਬਸਪਾ ਸਣੇ ਵੱਖ-ਵੱਖ ਪਾਰਟੀਆਂ ਅਤੇ ਆਗੂਆਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਗੁਰੂ ਰਵਿਦਾਸ ਦੇ ਪ੍ਰਕਾਸ ਪੁਰਬ ਦੇ ਮੱਦੇਨਜ਼ਰ ਵੋਟਾਂ ਦੀ ਤਰੀਕ ਛੇ ਦਿਨ ਅੱਗੇ ਪਾਈ ਜਾਵੇ।
ਰਵੀਦਾਸ ਭਾਈਚਾਰੇ ਵੱਲੋਂ ਕੌਮੀ ਸ਼ਾਹਰਾਹ ਕੀਤਾ ਗਿਆ ਜਾਮ
ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵੋਟਾਂ ਦੀ ਤਰੀਕ ਅੱਗੇ ਪਾਉਣ ਦੀ ਮੰਗ ਨੂੰ ਲੈ ਕੇ ਅੱਜ ਸੰਤ ਸਮਾਜ ਅਤੇ ਰਵਿਦਾਸੀਆ ਤੇ ਵਾਲਮੀਕਿ ਭਾਈਚਾਰਿਆਂ ਤੋਂ ਇਲਾਵਾ ਹੋਰ ਭਰਾਤਰੀ ਜਥੇਬੰਦੀਆਂ ਨੇ ਕੌਮੀ ਸ਼ਾਹਰਾਹ ’ਤੇ ਜਾਮ ਲਗਾ ਦਿੱਤਾ ਹੈ। ਰਵਿਦਾਸੀਆ ਭਾਈਚਾਰੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲਣ ਦੀ ਮੰਗ ਕਰ ਰਿਹਾ ਸੀ। ਉਹਨਾਂ ਵਲੋਂ ਅੱਜ ਨੈਸ਼ਨਲ ਹਾਈਵੇ ਜਲੰਧਰ ਪੀਏਪੀ ਚੌਂਕ ਵਿਖੇ ਧਰਨਾ ਲਗਾਇਆ ਗਿਆ ਹੈ। ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲਣ ਨੇ ਦੱਸਿਆ ਕਿ ਗੁਰੂ ਰਵਿਦਾਸ ਦਾ ਜਨਮ ਦਿਹਾੜਾ 16 ਫਰਵਰੀ ਨੂੰ ਆ ਰਿਹਾ ਹੈ ਪਰ ਚੋਣ ਕਮਿਸ਼ਨ ਨੇ 14 ਫਰਵਰੀ ਨੂੰ ਵੋਟਾਂ ਦੀ ਤਰੀਕ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬਾਦੀ ਦਾ ਵੱਡਾ ਹਿੱਸਾ ਦਲਿਤ ਸਮਾਜ ਇਸ ਮੌਕੇ 13 ਫਰਵਰੀ ਨੂੰ ਰੇਲਾਂ ਰਾਹੀਂ ਬਨਾਰਸ ਜਾ ਰਿਹਾ ਹੈ। ਇਸ ਲਈ ਵੋਟਾਂ ਦੀ ਤਰੀਕ 10 ਫਰਵਰੀ ਤੋਂ ਪਹਿਲਾਂ ਜਾਂ ਫਿਰ 20 ਫਰਵਰੀ ਤੋਂ ਬਾਅਦ ਦੀ ਐਲਾਨੀ ਜਾਵੇ।
ਅੱਜ ਇੱਥੇ ਲਗਾਇਆ ਗਿਆ ਇਹ ਜਾਮ ਸ਼ਾਮ 4 ਵਜੇ ਤੱਕ ਰਹੇਗਾ। ਇਸ ਦੌਰਾਨ ਸ਼ਾਹਰਾਹ ’ਤੇ ਜਾਮ ਲੱਗਣ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ ਅਤੇ ਲੋਕ ਖੱਜਲ ਖੁਆਰ ਹੁੰਦੇ ਦੇਖੇ ਗਏ। ਗੁਰੂ ਰਵਿਦਾਸ ਨਾਮ ਲੇਵਾ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਪੈਣ ਵਾਲੀਆਂ ਵੋਟਾਂ ਦੀ ਤਰੀਕ ਅੱਗੇ ਕਰਨ ਲਈ ਭਾਰਤ ਦੇ ਚੋਣ ਕਮਿਸ਼ਨ ਦੇ ਨਾਂ ਇੱਕ ਮੰਗ ਪੱਤਰ ਸਥਾਨਕ ਅਧਿਕਾਰੀਆਂ ਨੂੰ ਸੌਂਪਿਆ। ਆਗੂਆਂ ਨੇ ਕਿਹਾ ਕਿ ਜੇਕਰ ਵੋਟਾਂ ਦੀ ਤਰੀਕ ਤੁਰੰਤ ਅੱਗੇ ਨਾ ਪਾਈ ਗਈ ਤਾਂ 18 ਜਨਵਰੀ ਤੋਂ ਧਰਨੇ ਲਗਾਏ ਜਾਣਗੇ।