ਤਿਲੰਗਾਨਾ ਵਿੱਚ ਚੋਣ ਕਮਿਸ਼ਨ ਨੇ ਐਤਵਾਰ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਲਈ ਸਖ਼ਤ ਕਾਰਵਾਈ ਕੀਤੀ। ਸੂਤਰਾਂ ਮੁਤਾਬਕ ਚੋਣ ਕਮਿਸ਼ਨ ਨੇ ਤੇਲੰਗਾਨਾ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਅੰਜਨੀ ਕੁਮਾਰ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ। ਜਾਣਕਾਰੀ ਮੁਤਾਬਕ ਸੂਬਾ ਪੁਲਿਸ ਮੁਖੀ ਵੋਟਾਂ ਦੀ ਗਿਣਤੀ ਦੌਰਾਨ ਹੀ ਦੋ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਤਿਲੰਗਾਨਾ ਕਾਂਗਰਸ ਦੇ ਪ੍ਰਧਾਨ ਏ. ਰੇਵੰਤ ਰੈੱਡੀ ਨੂੰ ਫੁੱਲਾਂ ਦਾ ਗੁਲਦਸਤਾ ਲੈ ਕੇ ਮਿਲਣ ਚਲੇ ਗਏ ਸਨ।
ਇਸ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਡੀਜੀਪੀ ਵਿਰੁੱਧ ਇਹ ਸਖ਼ਤ ਕਾਰਵਾਈ ਕੀਤੀ ਹੈ। ਇਹ ਮੁਲਾਕਾਤ ਹੈਦਰਾਬਾਦ ਵਿਚ ਉਸ ਵੇਲੇ ਹੋਈ ਜਦ ਗਿਣਤੀ ਦੇ ਰੁਝਾਨਾਂ ਵਿਚ ਕਾਂਗਰਸ ਜਿੱਤਦੀ ਹੋਈ ਤੇ ਬੀਆਰਐੱਸ ਸੱਤਾ ਤੋਂ ਬਾਹਰ ਹੁੰਦੀ ਨਜ਼ਰ ਆਈ। ਮੀਟਿੰਗ ਵਿਚ ਡੀਜੀਪੀ ਦੇ ਨਾਲ ਸੂਬਾ ਪੁਲਿਸ ਦੇ ਨੋਡਲ ਅਧਿਕਾਰੀ ਸੰਜੇ ਕੁਮਾਰ ਜੈਨ ਤੇ ਨੋਡਲ ਅਧਿਕਾਰੀ (ਖਰਚ) ਮਹੇਸ਼ ਐਮ ਭਾਗਵਤ ਵੀ ਸਨ।
ਰੈੱਡੀ ਕਾਂਗਰਸ ਦੇ ਉਮੀਦਵਾਰ ਵੀ ਹਨ। ਚੋਣ ਕਮਿਸ਼ਨ ਨੇ ਹੁਕਮ ਦਿੱਤਾ ਕਿ ਅੰਜਨੀ ਕੁਮਾਰ ਤੋਂ ਅਗਲੇ ਸਭ ਤੋਂ ਸੀਨੀਅਰ ਅਧਿਕਾਰੀ ਤੁਰੰਤ ਡੀਜੀਪੀ ਦਾ ਚਾਰਜ ਸੰਭਾਲਣਗੇ। ਚੋਣ ਕਮਿਸ਼ਨ ਨੇ ਦੋ ਹੋਰਨਾਂ ਅਧਿਕਾਰੀਆਂ ਸੰਜੇ ਜੈਨ ਤੇ ਮਹੇਸ਼ ਭਾਗਵਤ ਤੋਂ ਸਪੱਸ਼ਟੀਕਰਨ ਮੰਗਿਆ ਹੈ।