ਗੁਰਦਾਸਪੁਰ : ਪੰਜਾਬ ਦੇ ਵਿੱਚ ਆਏ ਦਿਨ ਹੀ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਜਿਸ ਨਾਲ ਕਿ ਆਮ ਲੋਕ ਬਹੁਤ ਪਰੇਸ਼ਾਨ ਹਨ। ਚੋਰੀ ਅਤੇ ਲੁੱਟ ਦੀਆਂ ਵੱਧਦੀਆਂ ਹੋਈਆਂ ਵਾਰਦਾਤਾਂ ਲੋਕਾਂ ਦੇ ਲਈ ਚਿੰਤਾ ਦਾ ਵਿਸ਼ਾ ਵੀ ਬਣੀਆਂ ਹੋਈਆਂ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਚੋਰੀ ਕਰਨ ਆਏ ਦੋ ਚੋਰਾਂ ਨੂੰ ਮੋਰ ਪੈ ਗਏ।
ਦਰਅਸਲ ਸਦਰ ਲੁੱਟ ਦੀ ਨੀਇਤ ਨਾਲ ਦੋ ਲੁਟੋਰੇ ਇੱਕ ਬਜ਼ੁਰਗ ਜੋੜੇ ਨੇ ਘਰ ਅੰਦਰ ਦਾਖ਼ਲ ਹੁੰਦੇ ਹਨ ਪਰ ਘਬਰਾਉ ਦੀ ਥਾਂ ਬਜ਼ੁਰਗ ਜੋੜੇ ਨੇ ਉਨ੍ਹਾਂ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ।
ਜਾਣਕਾਰੀ ਮੁਤਾਬਕ ਪੁਲਿਸ ਸਟੇਸ਼ਨ ਅਧੀਨ ਆਉਂਦੇ ਪਿੰਡ ਗੁਣੀਆਂ ਵਿੱਚ ਬੀਤੀ ਰਾਤ ਬਜ਼ੁਰਗ ਜੋੜੇ ਨੇ ਘਰ ਅੰਦਰ ਦਾਖ਼ਲ ਹੋਏ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਲੁਟੇਰੇ ਗੋਲੀਆਂ ਦਾ ਭਰਿਆ ਮੈਗਜ਼ੀਨ ਛੱਡ ਕੇ ਭੱਜ ਗਏ।
ਬਲਦੇਵ ਸਿੰਘ (75) ਅਤੇ ਉਨ੍ਹਾਂ ਦੀ ਪਤਨੀ ਕਸ਼ਮੀਰ ਕੌਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਪੌਣੇ ਦਸ ਵਜੇ ਦੋ ਲੁਟੇਰੇ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋਏ ਅਤੇ ਪਿਸਤੌਲ ਦਿਖਾ ਕੇ ਉਨ੍ਹਾਂ ਦੇ ਮੂੰਹ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਬਲਦੇਵ ਸਿੰਘ ਨੇ ਹਿੰਮਤ ਕਰਕੇ ਉਨ੍ਹਾਂ ਦਾ ਮੁਕਾਬਲਾ ਕੀਤਾ ਤੇ ਇੱਕ ਲੁਟੇਰੇ ਨੂੰ ਜੱਫਾ ਮਾਰ ਲਿਆ।
ਇਸ ਦੌਰਾਨ ਇਹ ਲੁਟੇਰਾ ਪਿਸਤੌਲ ਦੇ ਬੱਟ ਵੀ ਬਜ਼ੁਰਗ ਦੇ ਸਿਰ ਅਤੇ ਬਾਂਹਾਂ ’ਤੇ ਮਾਰਦਾ ਰਿਹਾ। ਇਸ ਜੱਦੋ-ਜਹਿਦ ਦੌਰਾਨ ਬਲਦੇਵ ਸਿੰਘ ਜ਼ਖ਼ਮੀ ਹੋ ਗਿਆ ਪਰ ਉਸ ਨੇ ਲੁਟੇਰੇ ਨੂੰ ਨਹੀਂ ਛੱਡਿਆ। ਇਸ ਲੁਟੇਰੇ ਨੇ ਦੂਜੇ ਲੁਟੇਰੇ ਨੂੰ ਬਜ਼ੁਰਗ ਦੇ ਗੋਲੀ ਮਾਰਨ ਲਈ ਕਿਹਾ। ਗੋਲੀ ਮਾਰਨ ਦੀ ਕੋਸ਼ਿਸ਼ ਵਿੱਚ ਪਿਸਤੌਲ ਦਾ ਮੈਗਜ਼ੀਨ ਹੇਠਾਂ ਡਿੱਗ ਗਿਆ। ਆਖ਼ਰਕਾਰ ਲੁਟੇਰੇ ਬਿਨਾਂ ਲੁੱਟ ਕੀਤੇ ਅਤੇ ਗੋਲੀਆਂ ਨਾਲ ਭਰਿਆ ਮੈਗਜ਼ੀਨ ਉੱਥੇ ਹੀ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ।
ਪੁਲਿਸ ਨੇ ਘਟਨਾ ਦੀ ਸੂਚਨਾ ਮਿਲਣ ਮਗਰੋਂ ਮੈਗਜ਼ੀਨ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਲੱਗੇ ਕੈਮਰਿਆਂ ਵਿੱਚ ਲੁਟੇਰਿਆਂ ਦੀ ਪਛਾਣ ਹੋ ਗਈ ਹੈ। ਪੁਲੀਸ ਨੇ ਇਸ ਫੁਟੇਜ ਦੇ ਆਧਾਰ ਤੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਹੈ।