ਨਿਊਯਾਰਕ ਵਿੱਚ ਕੌਮੀ ਇਨਸਾਫ਼ ਮੋਰਚੇ ਦੇ ਹੱਕ ਵਿੱਚ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਕਾਰ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਭਾਰਤ ਵਿੱਚ ਸਿੱਖਾਂ ਲਈ ਕਾਨੂੰਨ ਦੇ ਦੋਹਰੇ ਮਾਪਦੰਡਾਂ ਅਧੀਨ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦੇ ਘੋਰ ਉਲੰਘਣ ਵਰਗੇ ਸੰਵੇਦਨਸ਼ੀਲ ਮਸਲੇ ਉੱਤੇ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਰੈਲੀ ਦੀ ਸ਼ੁਰੂਆਤ ਗੁਰਦੁਆਰਾ ਸਿੱਖ ਸੈਂਟਰ Queens Village 222 ਸਟਰੀਟ ਤੋਂ ਹੋਈ, ਜਿੱਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅਰਦਾਸ ਹੋਈ। ਇਸ ਰੈਲੀ ਵਿੱਚ ਪਿੱਕ-ਅੱਪ ਟਰੱਕਾਂ ਅਤੇ ਕਾਰਾਂ ਉੱਤੇ ਬੰਦੀ ਸਿੰਘਾਂ ਦੇ ਵੱਡੇ ਪੋਸਟਰ ਅਤੇ ਸਟਿੱਕਰ ਲਾਏ ਹੋਏ ਸਨ ਅਤੇ ਗੱਡੀਆਂ ’ਤੇ ਖਾਲਸਾਈ ਝੰਡੇ ਲਹਿਰਾ ਰਹੇ ਸਨ। ਕਾਰ ਰੈਲੀ ਕੂਈਨਜ ਨਿਊਯਾਰਕ ਦੇ ਸਾਰੇ ਗੁਰਦੁਆਰਿਆਂ ਦੇ ਅੱਗਿਓਂ ਦੀ ਗੁਜਰੀ, ਜਿਹਨਾਂ ਵਿੱਚ ਗੁਰਦੁਆਰਾ ਸੰਤ ਸਾਗਰ, ਗੁਰਦੁਆਰਾ ਗਿਆਨਸਰ ਰਾਮਗੜ੍ਹੀਆ ਸਿੱਖ ਸੋਸਾਇਟੀ, ਗੁਰਦੁਆਰਾ ਬਾਬਾ ਮਾਝਾ ਸਿੰਘ ਕਰਮਜੋਤ ਸਿੱਖ ਸੈਂਟਰ, ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਤੋਂ ਹੁੰਦੇ ਹੋਏ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਵਿਖੇ ਰੈਲੀ ਸੰਪੂਰਨ ਹੋਈ।
ਹਰ ਇੱਕ ਗੁਰਦੁਆਰਾ ਸਾਹਿਬ ਪਹੁੰਚਣ ’ਤੇ ਜਿੱਥੇ ਪ੍ਰਬੰਧਕਾਂ ਤੇ ਸਿੱਖ ਸੰਗਤਾਂ ਨੇ ਰੈਲੀ ਦਾ ਸਵਾਗਤ ਕੀਤਾ ਉੱਥੇ ਸਭ ਪਾਸੇ ਜੈਕਾਰਿਆਂ ਤੇ ਬੰਦੀ ਸਿੰਘ ਰਿਹਾਅ ਕਰੋ , Free Sikh Political prisoners ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ । ਰਸਤੇ ਵਿੱਚ ਕਾਰਾਂ ਦੀ ਵੱਡੀ ਗਿਣਤੀ ਕਰਕੇ ਤੇ ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਥਾਂ-ਥਾਂ ’ਤੇ ਜਾਮ ਲੱਗਦੇ ਰਹੇ।