ਬੈਂਗਲੁਰੂ : ਦੇਸ਼ ਵਿਦੇਸ਼ ਵਿੱਚ ਅੰਰਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਨਾਂ ਦੇ ਦੌਰਾਨ ਨਸ਼ੇ ਦੀ ਹਾਲਤ ਵਿੱਚ ਯਾਤਰੀਆਂ ਵੱਲੋਂ ਮਾੜੀਆਂ ਹਰਕਤਾਂ ਕੀਤੇ ਜਾਣ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਦਿੱਲੀ ਤੋਂ ਬੰਗਲੌਰ ਜਾ ਰਹੀ ਇੰਡੀਗੋ ਦੀ ਇੱਕ ਫਲਾਈਟ ਦਾ ਹੈ। ਜਿਸ ਵਿੱਚ ਨਸ਼ੇ ਦੀ ਹਾਲਤ ਵਿੱਚ ਇੱਕ ਸ਼ਰਾਬੀ ਵਿਅਕਤੀ ਨੇ ਹਵਾਈ ਜਹਾਜ਼ ਦੇ ਐਮਰਜੰਸੀ ਦਰਵਾਜ਼ੇ ਨੂੰ ਉਡਾਣ ਦੇ ਦੌਰਾਨ ਖੋਲ੍ਹਣ ਦੀ ਕੋਸ਼ਿਸ਼ ਕੀਤੀ,ਜਿਸ ਕਰਨ ਇੱਕ ਵਾਰ ਤਾਂ ਸਾਰੇ ਯਾਤਰੀਆਂ ਦੀ ਜਾਨ ਮੁੱਠੀ ਵਿੱਚ ਆ ਗਈ।
ਕਾਨਪੁਰ ਦੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਨਪੁਰ ਦਾ ਰਹਿਣ ਵਾਲਾ ਪ੍ਰਤੀਕ ਸ਼ੁੱਕਰਵਾਰ ਨੂੰ ਇੰਡੀਗੋ ਦੀ ਫਲਾਈਟ ਨੰਬਰ 6E-308 ਵਿੱਚ ਸਫ਼ਰ ਕਰ ਰਿਹਾ ਸੀ। ਪ੍ਰਤੀਕ ਸੀਟ 18-ਐੱਫ ‘ਤੇ ਬੈਠਾ ਸੀ ਅਤੇ ਨਸ਼ੇ ‘ਚ ਸੀ। ਉਹ ਯਾਤਰੀਆਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਤੇ ਉਸ ਨੇ ਜਹਾਜ਼ ਦਾ ਐਮਰਜੰਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ।
ਜਿਸ ਤੋਂ ਬਾਅਦ ਜਹਾਜ਼ ਦੇ ਹਵਾਈ ਅੱਡੇ ‘ਤੇ ਉਤਰਦਿਆਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਇੰਡੀਗੋ ਏਅਰਲਾਈਨਜ਼ ਦੀ ਇੱਕ ਅਧਿਕਾਰਤ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਸਵੇਰੇ 7.56 ਵਜੇ ਆਈਜੀਆਈ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਫਲਾਈਟ ਨੰਬਰ 6ਈ 308 ਵਿੱਚ ਵਾਪਰੀ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇੰਡੀਗੋ ਨੇ ਕਿਹਾ ਕਿ ਦਿੱਲੀ ਤੋਂ ਬੈਂਗਲੁਰੂ ਦੀ ਫਲਾਈਟ 6ਈ ਵਿੱਚ ਇੱਕ ਸ਼ਰਾਬੀ ਯਾਤਰੀ ਨੇ ਐਮਰਜੈਂਸੀ ਐਗਜ਼ਿਟ ਫਲੈਪ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਦੇਖਦੇ ਹੋਏ, ਜਹਾਜ਼ ‘ਤੇ ਮੌਜੂਦ ਚਾਲਕ ਦਲ ਨੇ ਕਪਤਾਨ ਨੂੰ ਸੁਚੇਤ ਕੀਤਾ ਅਤੇ ਯਾਤਰੀ ਨੂੰ ਸਾਵਧਾਨ ਕੀਤਾ ਗਿਆ।ਯਾਤਰੀ ਨੂੰ ਬੈਂਗਲੁਰੂ ਪਹੁੰਚਣ ‘ਤੇ ਸੀਆਈਐਸਐਫ ਦੇ ਹਵਾਲੇ ਕਰ ਦਿੱਤਾ ਗਿਆ।