ਮੱਧ ਪ੍ਰਦੇਸ਼ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ 50 ਯਾਤਰੀਆਂ ਨੂੰ ਲੈ ਕੇ ਜਾ ਰਹੀ ਮੈਟਰੋ ਬੱਸ ਦੇ ਡਰਾਈਵਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਡਰਾਈਵਰ ਦੀ ਮੌਤ ਤੋਂ ਬਾਅਦ ਬੱਸ ਬੇਕਾਬੂ ਹੋ ਗਈ ਅਤੇ ਇਸ ਨੇ 6 ਲੋਕਾਂ ਨੂੰ ਕੁਚਲ ਦਿੱਤਾ। ਇਸ ਸਾਰੀ ਘਟਨਾ ਦੀ ਦਰਦਨਾਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ। ਦਮੋਹ ਨਾਕਾ ਇਲਾਕੇ ‘ਚ ਟ੍ਰੈਫਿਕ ਸਿਗਨਲ ‘ਤੇ ਖੜ੍ਹੇ ਯਾਤਰੀਆਂ ‘ਤੇ ਬੱਸ ਜਾ ਚੜ੍ਹੀ।
ਜਬਲਪੁਰ ਦੇ ਦਮੋਹ ਨਾਕਾ ਇਲਾਕੇ ‘ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਮੈਟਰੋ ਬੱਸ ਬੇਕਾਬੂ ਹੋ ਗਈ। ਰਸਤੇ ਵਿੱਚ ਲੋਕਾਂ ਅਤੇ ਵਾਹਨਾਂ ਨੂੰ ਟੱਕਰ ਮਾਰਦੇ ਹੋਏ ਮੈਟਰੋ ਬੱਸ ਸੜਕ ਦੇ ਕਿਨਾਰੇ ਰੁਕ ਗਈ। ਪਹਿਲਾਂ ਤਾਂ ਲੋਕਾਂ ਨੂੰ ਲੱਗਾ ਕਿ ਮੈਟਰੋ ਬੱਸ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਜਦੋਂ ਬੱਸ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦਰਅਸਲ, ਮੈਟਰੋ ਬੱਸ ਦੇ ਡਰਾਈਵਰ ਨੂੰ ਬੱਸ ਚਲਾਉਂਦੇ ਸਮੇਂ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਮੈਟਰੋ ਬੱਸ ਨੇ ਈ-ਰਿਕਸ਼ਾ, ਆਟੋ ਰਿਕਸ਼ਾ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਵੀ ਟੱਕਰ ਮਾਰ ਦਿੱਤੀ।
ਹਾਦਸੇ ‘ਚ 6 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਦਾ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਮੈਟਰੋ ਬੱਸ ਡਰਾਈਵਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।