ਬਿਉਰੋ ਰਿਪੋਰਟ – ਗੁਰਦਾਸਪੁਰ ਵਿੱਚ ਆਦਮਖੋਰ ਕੁੱਤਿਆਂ (DOG BITE) ਦੀ ਦਿਲ ਨੂੰ ਹਿੱਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ। 25 ਸਾਲ ਦੀ ਇੱਕ ਵਿਆਹੁਤਾ 2 ਬੱਚਿਆਂ ਦੀ ਮਾਂ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਔਰਤ ਦੀ ਲਾਸ਼ ਨੂੰ ਘਸੀੜ ਕੇ ਉਹ ਸਮਸ਼ਾਨ ਘਾਟ ਦੇ ਕੋਲ ਲੈ ਗਏ।
ਸੈਰ ਕਰਨ ਦੌਰਾਨ ਕੀਤਾ ਹਮਲਾ
ਮਾਮਲਾ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਦਾ ਹੈ। ਹਰਜੀਤ ਕੌਰ ਨਾਂ ਦੀ ਔਰਤ ਆਪਣੇ ਪੇਕੇ ਘਰ ਆਈ ਹੋਈ ਸੀ, ਜਦੋਂ ਸਵੇਰੇ ਉਹ 5 ਵਜੇ ਸੈਰ ਕਰਨ ਦੇ ਲਈ ਨਿਕਲੀ ਤਾਂ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਘੇਰਾ ਪਾ ਲਿਆ ਅਤੇ ਫਿਰ ਨੋਚ- ਨੋਚ ਕੇ ਉਸ ਨੂੰ ਜਾਨੋ ਖਤਮ ਕਰ ਦਿੱਤਾ। ਸਵੇਰ ਹੋਣ ਦੀ ਵਜ੍ਹਾ ਕਰਕੇ ਸੜਕ ਖਾਲੀ ਸੀ। ਇਸ ਲਈ ਕਿਸੇ ਨੇ ਹਰਜੀਤ ਦੀ ਅਵਾਜ਼ ਨਹੀਂ ਸੁਣੀ। ਜਦੋਂ ਕਾਫੀ ਦੇਰ ਧੀ ਘਰ ਨਹੀਂ ਆਈ ਤਾਂ ਘਰ ਵਾਲੇ ਉਸ ਨੂੰ ਲੱਭਣ ਦੇ ਲਈ ਨਿਕਲੇ ਅਤੇ ਵੇਖਿਆ ਕਿ ਸ਼ਮਸ਼ਾਮ ਘਾਟ ਦੇ ਬਾਹਰ ਧੀ ਦੀ ਲਾਸ਼ ਪਈ ਸੀ ਅਤੇ ਆਲੇ-ਦੁਆਲੇ ਆਦਮਖੋਰ ਕੁੱਤੇ ਬੈਠੇ ਸਨ।
ਪੀੜ੍ਹਤ ਪਰਿਵਾਰ ਦੀ ਮੰਗ
ਇਲਾਕੇ ਵਿੱਚ ਜਿਸ ਨੇ ਵੀ ਇਹ ਦਰਦਨਾਕ ਘਟਨਾ ਸੁਣੀ ਉਸ ਦੀ ਰੂਹ ਕੰਬ ਗਈ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦਾ ਕੋਈ ਹੱਲ ਕੱਢਿਆ ਜਾਵੇ। 6 ਮਹੀਨੇ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ‘ਤੇ ਸਖਤੀ ਕਰਦੇ ਹੋਏ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਨੂੰ ਨਿਰਦੇਸ਼ ਦਿੱਤੇ ਸਨ ਕਿ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ ।
10 ਤੋਂ 20 ਹਜ਼ਾਰ ਤੱਕ ਮੁਆਵਜ਼ਾ
ਅਦਾਲਤ ਨੇ ਕਿਹਾ ਕਿ ਜੇਕਰ ਅਵਾਰਾ ਕੁੱਤਾ ਕਿਸੇ ਨੂੰ ਵੱਢੇਗਾ ਤਾਂ ਘੱਟੋ-ਘੱਟ 10 ਹਜ਼ਾਰ ਦਾ ਮੁਆਵਜ਼ਾ ਪ੍ਰਸ਼ਾਸ਼ਨ ਨੂੰ ਦੇਣਾ ਹੋਵੇਗਾ। ਜੇਕਰ ਕੁੱਤੇ ਨੇ ਕਿਸੇ ਦਾ ਮਾਸ ਨੋਚਿਆਂ ਤਾਂ ਹਰੇਕ 0.2 ਸੈਂਟੀਮੀਟਰ ਜ਼ਖ਼ਮ ‘ਤੇ ਘੱਟੋ-ਘੱਟ 20,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਪਰ ਇਸ ਦੇ ਬਾਵਜੂਦ ਇਸ ਦਾ ਅਸਰ ਵੇਖਣ ਨੂੰ ਨਹੀਂ ਮਿਲਿਆ ਹੈ।
ਸਭ ਤੋਂ ਵੱਧ ਭਾਰਤ ‘ਚ ਕੁੱਤੇ ਦੇ ਵੱਢਣ ਨਾਲ ਮੌਤਾਂ
WHO ਦੀ ਰਿਪੋਰਟ ਦੇ ਮੁਤਾਬਿਕ ਪੂਰੀ ਦੁਨੀਆ ਵਿੱਚ ਕੁੱਤੇ ਦੇ ਵੱਢਣ ਤੋਂ ਬਾਅਦ ਰੇਬੀਜ਼ ਨਾਲ ਹੋਣ ਵਾਲੀਆਂ ਮੌਤਾਂ ਵਿੱਚੋਂ 36 ਫੀਸਦੀ ਭਾਰਤ ਵਿੱਚ ਹੁੰਦੀਆਂ ਹਨ। ਸਾਲਾਨਾ 20 ਹਜ਼ਾਰ ਲੋਕ ਰੇਬੀਜ਼ ਨਾਲ ਮਰਦੇ ਹਨ। 30 ਤੋਂ 60 ਫੀਸਦੀ ਮੌਤਾਂ 15 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀਆਂ ਹੁੰਦੀਆਂ ਹਨ।