‘ਦ ਖਾਲਸ ਬਿਊਰੋ:ਧਰਮਸ਼ਾਲਾ ਮਾਮਲੇ ਵਿੱਚ ਅਲੱਗ-ਅਲੱਗ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਕਾਨੂੰਨ ਅਤੇ ਵਿਧਾਨਕ ਮਾਮਲਿਆਂ ਅਤੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਉੱਤੇ ਇੱਕ ਟਵੀਟ ਕੀਤਾ ਹੈ ਤੇ ਇਹਨਾਂ ਨੂੰ ਆਪਸ ਵਿੱਚ ਜੋੜਦੇ ਹੋਏ ਭਾਜਪਾ ‘ਤੇ ਨਿਸ਼ਾਨਾ ਲਾਇਆ ਹੈ ਕਿ ਕਿਵੇਂ ਭਾਜਪਾ ਆਪਣੇ ਗੁੰਡਿਆਂ ਰਾਹੀਂ ਦੇਸ਼ ਦੇ ਮਾਹੌਲ ਖਰਾਬ ਕਰਨ ਲੱਗੀ ਹੋਈ ਹੈ। ਆਪਣੇ ਟਵੀਟ ਵਿੱਚ ਉਹ ਕਹਿੰਦੇ ਹਨ ਕਿ ਤਿੰਨ ਬਿੰਦੂਆਂ ਨੂੰ ਕਨੈਕਟ ਕੀਤਾ ਜਾ ਰਿਹਾ ਹੈ…
• ਪਟਿਆਲਾ ਕਾਂਡ
• ਦੋਸ਼ੀ ਬੱਗਾ ਨੂੰ ਗੈਰ-ਕਾਨੂੰਨੀ ਤੌਰ ‘ਤੇ ਕਾਨੂੰਨੀ ਗ੍ਰਿਫਤਾਰੀ ‘ਤੋਂ ਰੋਕਿਆ ਗਿਆ
• ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਅੱਜ ਕੀ ਹੋਇਆ
ਭਾਜਪਾ ਆਪਣੇ ਮੋਹਤਬਰਾਂ ਅਤੇ ਗੁੰਡਿਆਂ ਰਾਹੀਂ ਫਿਰਕੂ ਅਸ਼ਾਂਤੀ ਫੈਲਾਉਣ ਅਤੇ ਖੇਤਰ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਖਰਾਬ ਕਰਨ ਦੀ ਯੋਜਨਾ ਬਣਾ ਰਹੀ ਹੈ। ਉਹਨਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਟਵੀਟ ਨੂੰ ਰਿਟਵੀਟ ਕਰਦਿਆਂ ਇਹ ਟਵੀਟ ਕੀਤਾ ਸੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਇਸੇ ਮਾਮਲੇ ਉੱਤੇ ਦੋ ਟਵੀਟ ਕੀਤੇ ਹਨ ਤੇ ਕਿਹਾ ਹੈ ਕਿ ਪੂਰੀ ਬੀਜੇਪੀ ਇੱਕ ਗੁੰਡੇ ਨੂੰ ਬਚਾਉਣ ਦੀ ਕੋਸ਼ਿਸ਼ਾਂ ‘ਚ ਲੱਗੀ ਹੋਈ ਹੈ ਤੇ ਉੱਧਰ ਖਾਲਿਸਤਾਨੀ ਝੰਡੇ ਲਾ ਕੇ ਚਲੇ ਗਏ ਹਨ।
ਜਿਹੜੀ ਸਰਕਾਰ ਵਿਧਾਨ ਸਭਾ ਨੂੰ ਨਹੀਂ ਬਚਾ ਸਕਦੀ, ਉਹ ਲੋਕਾਂ ਨੂੰ ਕਿਵੇਂ ਬਚਾਏਗੀ। ਇਹ ਹਿਮਾਚਲ ਦੀ ਇੱਜ਼ਤ ਦਾ ਮਾਮਲਾ ਹੈ, ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ। ਭਾਜਪਾ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਆਪਣੇ ਅਗਲੇ ਟਵੀਟ ਵਿੱਚ ਉਹਨਾਂ ਲਿਖਿਆ ਕਿ ਬੇਹੱਦ ਸਖ਼ਤ ਸੁਰੱਖਿਆ ਵਾਲੀ ਹਿਮਾਚਲ ਵਿਧਾਨ ਸਭਾ ਦੀ ਇਮਾਰਤ ‘ਤੇ ਖਾਲਿਸਤਾਨੀ ਝੰਡਾ, ਸੁਰੱਖਿਆ ਦੀ ਬਹੁਤ ਵੱਡੀ ਨਾਕਾਮੀ ਹੈ। ਹਿਮਾਚਲ ਦੇ ਮੁੱਖ ਮੰਤਰੀ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਕੇਂਦਰ ਸਰਕਾਰ ਨੂੰ ਜੈ ਰਾਮ ਠਾਕੁਰ ਸਰਕਾਰ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ।
ਇਸ ਸਬੰਧ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਹਨਾਂ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਹੈ ਤੇ ਸ਼ਰਾਰਤੀ ਅਨਸਰਾਂ ਖਿਲਾਫ ਸਖਤੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ ਹੈ ਤੇ ਲਿਖਿਆ ਹੈ- ‘ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਗੇਟ ‘ਤੇ ਖਾਲਿਸਤਾਨ ਦੇ ਝੰਡੇ ਲਗਾਉਣ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਾ ਹਾਂ। ਇਹ ਸ਼ਰਾਰਤੀ ਅਨਸਰਾਂ ਦੀਆਂ ਕਾਰਵਾਈਆਂ ਹਨ ਜੋ ਸਾਡੇ ਦੇਸ਼ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੈਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ।”
ਹਿਮਾਚਲ ਦੇ ਧਰਮਸ਼ਾਲਾ ‘ਚ ਉਸ ਸਮੇਂ ਹਲਚਲ ਮਚ ਗਈ ਜਦੋਂ ਵਿਧਾਨ ਸਭਾ ਦੀ ਇਮਾਰਤ ਦੇ ਬਾਹਰ ਖਾਲਿਸਤਾਨੀ ਝੰਡੇ ਦਿਖਾਈ ਦਿੱਤੇ। ਇਨ੍ਹਾਂ ਝੰਡਿਆਂ ‘ਤੇ ਖਾਲਿਸਤਾਨ ਲਿਖਿਆ ਹੋਇਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਨ੍ਹਾਂ ਝੰਡਿਆਂ ਨੂੰ ਉਤਾਰ ਦਿੱਤਾ।