ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – 1947 ਵਿੱਚ ਭਾਰਤ ਅਜ਼ਾਦ ਤਾਂ ਹੋ ਗਿਆ ਪਰ ਗ਼ੁਲਾਮੀ ਦੀ ਅਖ਼ੀਰਲੀ ਜੰਜੀਰ ਤੋੜਨ ਤੋਂ ਪਹਿਲਾਂ ਜਿਹੜੇ ਖ਼ੂਨੀ ਸਾਕੇ ਹੋਏ ਉਸ ਦੀ ਦਾਸਤਾਨ 77 ਸਾਲ ਬਾਅਦ ਹੁਣ ਵੀ ਲੂੰ-ਕੰਡੇ ਖੜੇ ਕਰਨ ਵਾਲੀਆਂ ਹਨ। ਵੰਡ ਦੀ ਲਕੀਰ ਅੰਗਰੇਜ਼ਾਂ ਦਾ ਜਾਂਦੇ-ਜਾਂਦੇ ਅਖ਼ੀਰਲਾ ਦਾਅ ਸੀ, ਅੰਮ੍ਰਿਤਸਰ ਅਤੇ ਲਾਹੌਰ ਤੋਂ ਆਉਣ ਵਾਲੀਆਂ ਟ੍ਰੇਨਾਂ ਤੋਂ ਖ਼ੂਨ ਦੇ ਫਵਾਰੇ ਫੁੱਟ ਰਹੇ ਸਨ। ਵੰਡ ਬਾਅਦ ਜਿਹੜੇ ਲੋਕਾਂ ਨੇ ਪਾਕਿਸਤਾਨ ਵਿੱਚ ਰੁਕਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦਾ ਅੰਜਾਮ ਸੁਣ ਕੇ ਅੱਜ ਵੀ ਰੂਹ ਕੰਬ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਵੰਡ ਦੀਆਂ 2 ਦਾਸਤਾਨਾਂ ਬਾਰੇ ਦੱਸਾਂਗੇ ਜੋ ਜਜ਼ਬੇ ਦੇ ਨਾਲ ਬਦਲੇ ਵਿੱਚ ਅੰਨ੍ਹੇ ਹੋ ਚੁੱਕੇ ਅਜਿਹੇ ਲੋਕਾਂ ਬਾਰੇ ਹਨ ਜਿਨ੍ਹਾਂ ਨੇ ਵਰਦੀ ਪਾ ਕੇ ਵੀ ਉਸ ਦੀ ਲਾਜ ਨਹੀਂ ਰੱਖੀ।
ਪਹਿਲੀ ਕਹਾਣੀ ਪਾਕਿਸਤਾਨ ਦੇ ਸਿਆਲਕੋਟ ਦੇ ਸਿੱਖ ਜੋੜੇ ਪ੍ਰੇਮ ਸਿੰਘ ਅਤੇ ਉਸ ਦੀ ਪਤਨੀ ਦੀ ਹੈ। ਵੰਡ ਦੇ ਬਾਵਜੂਦ ਪ੍ਰੇਮ ਸਿੰਘ ਨੇ ਆਪਣੀ 2 ਮੰਜ਼ਿਲਾ ਘਰ ਵਿੱਚ ਰੁਕਣ ਦਾ ਫੈਸਲਾ ਲਿਆ। ਉਸ ਦੇ ਨਾਲ ਪਤਨੀ ਅਤੇ 3 ਧੀਆਂ ਸਨ। ਪ੍ਰੇਮ ਸਿੰਘ ਸਾਹੂਕਾਰ ਸੀ ਅਤੇ ਪੈਸੇ ਦੇਣ ਦਾ ਕੰਮ ਕਰਦਾ ਸੀ, ਪਿੰਡ ਵਿੱਚ ਸ਼ਾਇਦ ਹੀ ਕੋਈ ਅਜਿਹੇ ਮੁਸਲਮਾਨ ਹੋਏ ਜਿਸ ਨੇ ਪੈਸੇ ਦੇ ਬਦਲੇ ਆਪਣਾ ਸਮਾਨ ਪ੍ਰੇਮ ਸਿੰਘ ਕੋਲ ਗਿਰਵੀ ਨਾ ਰੱਖਿਆ ਹੋਵੇ। ਇਸ ਲਿਹਾਜ਼ ਨਾਲ ਉਹ ਇਲਾਕੇ ਦਾ ਸਭ ਤੋਂ ਤਾਕਤਵਰ ਸ਼ਖਸ ਸੀ।
ਵੰਡ ਤੋਂ ਬਾਅਦ ਉਸ ਦਾ ਸਿਆਲਕੋਟ ਰੁਕਣ ਦਾ ਫੈਸਲਾ ਉਸ ’ਤੇ ਭਾਰੀ ਪੈ ਗਿਆ। ਇਕ ਸਵੇਰ ਉਸ ਨੇ ਵੇਖਿਆ ਕਿ ਮੁਸਲਮਾਨਾਂ ਦੀ ਜ਼ਬਰਦਸਤ ਭੀੜ ਉਸ ਦੇ ਘਰ ਵੱਲ ਆ ਰਹੀ ਹੈ, ਸਾਰਿਆਂ ਦੇ ਹੱਥਾਂ ਵਿੱਚ ਤਲਵਾਰਾਂ, ਚਾਕੂ, ਤੇ ਡਾਂਗਾਂ ਸਨ। ਭੀੜ ਵਿੱਚ ਮੌਜੂਦ ਹਰ ਇਕ ਸ਼ਖਸ ਨੂੰ ਪ੍ਰੇਮ ਸਿੰਘ ਪਛਾਣਦਾ ਸੀ। ਇਹ ਸਾਰੇ ਉਹ ਸਨ ਜਿਨ੍ਹਾਂ ਨੇ ਉਸ ਕੋਲੋ ਪੈਸੇ ਉਧਾਰ ਲਏ ਸਨ। ਭੀੜ ਦੂਰੋਂ ਹੀ ਚੀਕ ਰਹੀ ਸੀ। ‘ਲਿਆਉ ਤਿਜੌਰੀ, ਦਿਉ ਤਿਜੌਰੀ।’
ਪ੍ਰੇਮ ਸਿੰਘ ਨੂੰ ਖ਼ਤਰੇ ਦਾ ਅਹਿਸਾਸ ਹੋ ਗਿਆ ਉਸ ਨੇ ਆਪਣੀ ਬੰਦੂਕ ਕੱਢੀ ਅਤੇ 25 ਕਾਰਤੂਸ ਦੇ ਨਾਲ ਆਪਣੀ ਡਬਲ ਬੈਰਲ ਸ਼ਾਟਗਨ ਨਾਲ ਪਹਿਲੀ ਮੰਜ਼ਿਲ ਦੀ ਛੱਤ ’ਤੇ ਚੜ ਗਿਆ ਅਤੇ ਖਿੜਕੀ ਤੋਂ ਫਾਇਰਿੰਗ ਕਰਕੇ ਉਸ ਨੇ ਭੀੜ ਨੂੰ ਤਿਤਰ-ਬਿਤਰ ਕਰਨ ਦੀ ਕੋਸ਼ਿਸ਼ ਕੀਤੀ।
ਪ੍ਰੇਮ ਸਿੰਘ ਦੀ ਪਤਨੀ ਸਮਝ ਚੁੱਕੀ ਸੀ ਕਿ ਬਚਣਾ ਮੁਸ਼ਕਿਲ ਹੈ, ਜਿਵੇਂ ਹੀ ਬੰਦੂਕ ਦੀਆਂ ਗੋਲ਼ੀਆਂ ਖ਼ਤਮ ਹੋਣਗੀਆਂ ਤਾਂ ਧੀਆਂ ਦੇ ਨਾਲ ਉਸ ਦੀ ਆਬਰੂ ਵੀ ਨਹੀਂ ਬਚੇਗੀ। ਉਸ ਨੇ ਆਪਣੀ ਧੀਆਂ ਨੂੰ ਬੁਲਾਇਆ ਅਤੇ ਮਿੱਟੀ ਦਾ ਤੇਲ ਛਿੜਕਦੇ ਹੋਏ ਕਿਹਾ ਇੱਜ਼ਤ ਲੁਟੇ ਇਸ ਤੋਂ ਚੰਗਾ ਹੈ ਕਿ ਅਸੀਂ ਆਪਣੀ ਜਾਨ ਦੇ ਦੇਈਏ, ਮੈਂ ਜ਼ਿੰਦਾ ਸੜ ਰਹੀ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਲੈ ਕੇ ਤੁਸੀਂ ਵੀ ਇਸੇ ਤਰ੍ਹਾਂ ਆਪਣੀ ਜਾਨ ਦੇ ਦਿਉ।
ਪ੍ਰੇਮ ਸਿੰਘ ਦੀਆਂ ਗੋਲ਼ੀਆਂ ਸਾਹਮਣੇ ਭੀੜ ਵਾਪਸ ਜਾਣ ਲਈ ਮਜ਼ਬੂਰ ਹੋ ਗਈ। ਜਦੋਂ ਉਹ ਭੱਜ ਦੇ ਹੋਏ ਹੇਠਾਂ ਪਹੁੰਚਿਆ ਤਾਂ ਸਭ ਕੁਝ ਖ਼ਤਮ ਹੋ ਚੁੱਕਿਆ ਸੀ, ਚਾਰ ਸੜੀਆਂ ਲਾਸ਼ਾਂ ਪਈਆਂ ਸਨ। ਪਤਨੀ ਅਤੇ ਬੱਚਿਆਂ ਨੇ ਇੱਜ਼ਤ ਗਵਾਉਣ ਦੀ ਥਾਂ ਮੌਤ ਨੂੰ ਗਲ ਲਾ ਲਿਆ। ਪ੍ਰੇਮ ਸਿੰਘ ਲੁੱਟ ਚੁੱਕਿਆ ਸੀ, ਉਸ ਕੋਲ ਜੀਉਣ ਦਾ ਕੋਈ ਮਕਸਦ ਨਹੀਂ ਬਚਿਆ ਸੀ।
ਵੰਡ ਦੇ ਦਰਦ ਦੀ ਦੂਜੀ ਦਾਸਤਾਨ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਹੈ। 22 ਸਤੰਬਰ 1947 ਨੂੰ ਇਕ ਰੇਲ ਗੱਡੀ ਤੋਂ ਹਜ਼ਾਰਾਂ ਮੁਸਲਮਾਨ ਸ਼ਰਨਾਰਥੀ ਲਾਹੌਰ ਜਾ ਰਹੇ ਸੀ। ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਤਕਰੀਬਨ 50 ਕਿਲੋਮੀਟਰ ਪਹਿਲਾਂ ਭੀੜ ਨੇ ਟ੍ਰੇਨ ’ਤੇ ਹਮਲਾ ਕਰ ਦਿੱਤਾ।
ਰੇਲ ਜਿਵੇਂ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੀ ਤਾਂ ਉੱਥੇ ਵੀ ਭੀੜ ਰੇਲ ਦਾ ਇੰਤਜ਼ਾਰ ਕਰ ਰਹੀ ਸੀ। ਹੱਥਾਂ ਵਿੱਚ ਤਲਵਾਰਾਂ ਸਨ, ਬੰਦੂਕਾਂ ਸਨ। ਰੇਲ ਰੁਕੀ ਤਾਂ ਦੋਵੇ ਪਾਸਿਆਂ ਤੋਂ ਹਮਲਾ ਹੋ ਗਿਆ।
ਰੇਲ ਦੀ ਸੁਰੱਖਿਆ ਵਿੱਚ ਲੱਗੇ ਜਵਾਨਾਂ ਨੂੰ ਅੰਗਰੇਜ਼ੀ ਕਮਾਂਡਰ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ, ਜਵਾਨਾਂ ਨੇ ਗੋਲੀ ਤਾਂ ਚਲਾਈ ਪਰ ਉਹ ਖਾਨਾਪੂਰਤੀ ਸੀ, ਸਾਰੀਆਂ ਗੋਲੀਆਂ ਹਮਲਾਵਰਾਂ ਦੇ ਸਿਰ ਤੋਂ ਉੱਤੇ ਤੋਂ ਜਾ ਰਹੀਆਂ ਸਨ। ਅੰਗਰੇਜ਼ ਕਮਾਂਡਰ ਨੇ ਜਦੋਂ ਵੇਖਿਆ ਤਾਂ ਉਸ ਨੇ ਆਪ ਮਸ਼ੀਨਗੰਨ ਲਈ ਅਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਦੇਰ ਬਾਅਦ ਜਵਾਨਾਂ ਨੇ ਆਪਣੇ ਕਮਾਂਡਰ ਨੂੰ ਮਾਰ ਦਿੱਤਾ।
3 ਘੰਟੇ ਤੱਕ ਲਾਹੌਰ ਜਾ ਰਹੀ ਟ੍ਰੇਨ ਵਿੱਚ ਨਸਲਕੁਸ਼ੀ ਚੱਲੀ, ਬ੍ਰਿਟਿਸ਼ ਫੌਜ ਦੇ ਕੈਪਟਨ ਐਡਵਰਡ ਵਾਲਸ਼ ਨੇ ਕਿਹਾ ਜਦੋਂ ਅਸੀਂ ਇਸ ਨੂੰ ਸਾਫ ਕੀਤਾ 2400 ਲਾਸ਼ਾਂ ਸਨ, ਕਿਸੇ ਦਾ ਸਿਰ ਧੜ ਨਾਲ ਨਹੀਂ, ਹੱਥ-ਪੈਰ ਸਾਰੇ ਵੱਖ-ਵੱਖ ਸਨ। ਰੇਲ ਦੇ ਦਰਵਾਜ਼ੇ ਤੋਂ ਖ਼ੂਨ ਰਿਸ ਰਿਹਾ ਸੀ। ਰਿਪੋਰਟ ਦੇ ਮੁਤਾਬਿਕ 3 ਹਜ਼ਾਰ ਦੇ ਕਰੀਬ ਮੁਸਲਮਾਨ ਮਾਰੇ ਗਏ ਅਤੇ 1 ਹਜ਼ਾਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਸਨ।
ਸਾਫ਼ ਹੈ ਕਿ ਨਫਰਤ ਅਤੇ ਬਦਲੇ ਦੀ ਅੱਗ ਨੇ ਸਾਰਿਆਂ ਨੂੰ ਅੰਨ੍ਹਾ ਕਰ ਦਿੱਤਾ ਸੀ। ਜਿਸ ਦੇਸ਼ ਦੀ ਅਜ਼ਾਦੀ ਲਈ ਮਿਲ ਕੇ ਜੰਗ ਲੜੀ ਉਸੇ ਦੇਸ਼ ਦੀ ਅਜ਼ਾਦ ਹਵਾ ਨੇ ਮਨਾਂ ਵਿੱਚ ਅਜਿਹਾ ਜ਼ਹਿਰ ਘੋਲ ਦਿੱਤਾ, ਕਿ ਕੱਲ੍ਹ ਤੱਕ ਪ੍ਰੇਮ ਸਿੰਘ ਦੇ ਜਿਨ੍ਹਾਂ ਮਦਦਗਾਰ ਹੱਥਾਂ ਨੇ ਲੋਕਾਂ ਦੀ ਮਾਲੀ ਮਦਦ ਕੀਤੀ ਉਸ ਦੇ ਪਰਿਵਾਰ ਨੂੰ ਖ਼ਤਮ ਲਈ ਲੋਕ ਖੜੇ ਹੋ ਗਏ। ਵਰਦੀ ਪਾ ਕੇ ਜਿਨ੍ਹਾਂ ਨੇ ਨਿਰਦੋਸ਼ ਲੋਕਾਂ ਨੂੰ ਬਚਾਉਣ ਦੀ ਸਹੁੰ ਚੁੱਕੀ ਸੀ, ਉਨ੍ਹਾਂ ਦੇ ਹੱਥ ਨਫ਼ਰਤ ਦੇ ਸਾਹਮਣੇ ਇੰਨੇ ਬੇਬਸ ਹੋ ਗਏ ਸਨ ਕਿ ਕਾਤਲਾਂ ਨੂੰ ਖ਼ਤਮ ਕਰਨ ਦੀ ਥਾਂ ਉਨ੍ਹਾਂ ਦਾ ਸਾਥ ਦਿੱਤਾ ਅਤੇ ਖ਼ੂਨ ਦੀਆਂ ਨਦੀਆਂ ਵਹਾ ਦਿੱਤੀਆਂ।