ਕਰਨਾਟਕ ਦੇ ਬੈਂਗਲੁਰੂ ਸ਼ਹਿਰ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਰਜ਼ੇ ਦੇ ਬੋਝ ਹੇਠ ਦੱਬੇ ਪਿਤਾ ਨੇ ਪੈਸੇ ਨਾ ਹੋਣ ਕਾਰਨ ਆਪਣੀ ਢਾਈ ਸਾਲ ਦੀ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਧੀ ਦਾ ਕਤਲ ਕਰਨ ਤੋਂ ਬਾਅਦ ਪਿਤਾ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਬਚ ਗਿਆ। ਪੁਲਿਸ ਅਨੁਸਾਰ ਮੁਲਜ਼ਮ ਪਿਤਾ ਦੀ ਪਛਾਣ 45 ਸਾਲਾ ਰਾਹੁਲ ਪਰਮਾਰ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਿਕ ਇਹ ਘਟਨਾ 15 ਨਵੰਬਰ ਦੀ ਹੈ। ਲੜਕੀ ਦੀ ਲਾਸ਼ 16 ਨਵੰਬਰ ਨੂੰ ਕੋਲਾਰ ਦੇ ਕੇਨਾਦਤੀ ਪਿੰਡ ਦੀ ਝੀਲ ‘ਚੋਂ ਮਿਲੀ ਸੀ। ਇਸ ਝੀਲ ਦੇ ਕੰਢੇ ਤੋਂ ਇੱਕ ਨੀਲੇ ਰੰਗ ਦੀ ਕਾਰ ਵੀ ਪੁਲਿਸ ਨੂੰ ਮਿਲੀ ਹੈ। ਇਹ ਦੇਖ ਕੇ ਪਿੰਡ ਦੇ ਲੋਕਾਂ ਨੇ ਕੋਲਾਰ ਪੁਲਸ ਨੂੰ ਸੂਚਨਾ ਦਿੱਤੀ। ਇਸ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਮੁਲਜ਼ਮ ਪਿਤਾ ਨੂੰ 16 ਨਵੰਬਰ ਨੂੰ ਬੇਂਗਲੁਰੂ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਗਿਆ। ਹੁਣ ਇਸ ਮਾਮਲੇ ਦਾ ਖੁਲਾਸਾ ਹੋਇਆ ਹੈ।
ਰਾਹੁਲ ਪਰਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਢਾਈ ਸਾਲ ਦੀ ਧੀ ਨਾਲ ਘਰੋਂ ਨਿਕਲਿਆ ਸੀ। ਉਸ ਉੱਤੇ ਕਾਫੀ ਕਰਜ਼ਾ ਸੀ ਅਤੇ ਕਰਜ਼ਾ ਵਸੂਲਣ ਵਾਲਿਆਂ ਤੋਂ ਤੰਗ ਆ ਕੇ ਉਸ ਨੇ ਘਰ ਵਾਪਸ ਜਾਣ ਦੀ ਬਜਾਏ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕਰ ਲਿਆ।
ਇਸ ਤੋਂ ਪਹਿਲਾਂ ਉਸ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕਰਜ਼ਾ ਮੋੜਨ ਲਈ ਪਹਿਲਾਂ ਹੀ ਆਪਣੀ ਪਤਨੀ ਦੇ ਗਹਿਣੇ ਗਿਰਵੀ ਰੱਖੇ ਹੋਏ ਸਨ ਅਤੇ ਅਜਿਹੇ ਵਿੱਚ ਲੋਕ ਫਿਰ ਵੀ ਕਰਜ਼ਾ ਵਾਪਸ ਮੰਗਣ ਆਉਂਦੇ ਰਹੇ। ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਰਾਹੁਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਵੇਰ ਤੋਂ ਹੀ ਬੇਂਗਲੁਰੂ ਅਤੇ ਕੋਲਾਰ ਦੇ ਆਲੇ-ਦੁਆਲੇ ਘੁੰਮ ਰਿਹਾ ਸੀ ਅਤੇ ਉਸ ਦੇ ਮਨ ‘ਚ ਖੁਦਕੁਸ਼ੀ ਦੇ ਵਿਚਾਰ ਸਨ। ਉਹ ਆਪਣੀ ਜ਼ਿੰਦਗੀ ਦਾ ਅੰਤ ਕਰਨਾ ਚਾਹੁੰਦਾ ਸੀ। ਪਰ ਆਪਣੀ ਬੇਟੀ ਦੀ ਮੌਜੂਦਗੀ ਕਾਰਨ ਉਹ ਕੋਈ ਫੈਸਲਾ ਨਹੀਂ ਲੈ ਸਕਿਆ।
ਰਾਹੁਲ ਪਰਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਖ਼ੁਦ ਨੂੰ ਅਤੇ ਆਪਣੀ ਧੀ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਉਹ ਪਰੇਸ਼ਾਨ ਹੋਣ ਲੱਗਾ ਅਤੇ ਫਿਰ ਬੇਟੀ ਦਾ ਕਤਲ ਕਰ ਦਿੱਤਾ ਤੇ ਲਾਸ਼ ਝੀਲ ਵਿਚ ਸੁੱਟ ਦਿੱਤੀ।