ਹਮਾਸ ਦੇ 7 ਅਕਤੂਬਰ ਦੇ ਹਮਲਿਆਂ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ‘ਤੇ ਹਮਲੇ ਸ਼ੁਰੂ ਕਰ ਦਿੱਤੇ ਸਨ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਗਾਜ਼ਾ ਵਿੱਚ ਘੱਟੋ-ਘੱਟ 20 ਹਜ਼ਾਰ ਫਲਸਤੀਨੀਆਂ ਦੇ ਮਾਰੇ ਜਾਣ ਦੀ ਖਬਰ ਹੈ। ਬੀਬੀਸੀ ਦੀ ਖ਼ਬਰ ਦੇ ਮੁਤਾਬਕ ਗਾਜ਼ਾ ਵਿੱਚ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦੇ ਅੰਕੜੇ ਦਰਸਾਉਂਦੇ ਹਨ ਕਿ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ (ਇੱਕ ਹਫ਼ਤੇ ਦੀ ਜੰਗਬੰਦੀ ਨੂੰ ਛੱਡ ਕੇ) ਹਰ ਰੋਜ਼ ਔਸਤਨ 300 ਲੋਕ ਮਾਰੇ ਗਏ ਹਨ।
ਵਿਸ਼ਵ ਸਿਹਤ ਸੰਗਠਨ (WHO) ਦੇ ਖੇਤਰੀ ਐਮਰਜੈਂਸੀ ਨਿਰਦੇਸ਼ਕ ਰਿਚਰਡ ਬ੍ਰੇਨਨ ਦਾ ਕਹਿਣਾ ਹੈ ਕਿ ਉਹ ਮਰਨ ਵਾਲਿਆਂ ਦੀ ਇਸ ਗਿਣਤੀ ਨੂੰ ਭਰੋਸੇਯੋਗ ਮੰਨਦੇ ਹਨ। ਕਿਸੇ ਵੀ ਜੰਗ ਦੇ ਮੈਦਾਨ ਵਿੱਚ ਮਰੇ ਹੋਏ ਲੋਕਾਂ ਦੀ ਗਿਣਤੀ ਕਰਨਾ ਇੱਕ ਚੁਣੌਤੀਪੂਰਨ ਕੰਮ ਹੁੰਦਾ ਹੈ।
ਹਾਲਾਂਕਿ ਗਾਜ਼ਾ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਇਸ ਅੰਕੜੇ ਵਿੱਚ ਬੰਬ ਧਮਾਕਿਆਂ ਨਾਲ ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਹੇਠ ਦੱਬੀਆਂ ਜਾਂ ਹਸਪਤਾਲਾਂ ਵਿੱਚ ਨਹੀਂ ਲਿਜਾਈਆਂ ਗਈਆਂ ਲਾਸ਼ਾਂ ਸ਼ਾਮਲ ਨਹੀਂ ਹਨ। ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
ਦੁਨੀਆ ਭਰ ਦੀਆਂ ਜੰਗਾਂ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਦੀ ਜਾਂਚ ਕਰਨ ਵਾਲੇ ਮਾਹਿਰ ਪ੍ਰੋਫੈਸਰ ਮਾਈਕਲ ਸਪੈਗਟ ਨੇ ਇਸ ਬਾਰੇ ਗੱਲ ਕੀਤੀ। ਉਨ੍ਹਾਂ ਨੇ 2003 ਦੇ ਇਰਾਕ ਯੁੱਧ, ਕੋਲੰਬੀਆ ਦੇ ਘਰੇਲੂ ਸੰਘਰਸ਼, ਕਾਂਗੋ ਦੇ ਲੋਕਤੰਤਰੀ ਗਣਰਾਜ ਵਿੱਚ ਯੁੱਧ, ਅਤੇ ਇਜ਼ਰਾਈਲ ਅਤੇ ਗਾਜ਼ਾ ਵਿਚਕਾਰ ਪਿਛਲੇ ਸੰਘਰਸ਼ ਵਿੱਚ ਮਾਰੇ ਗਏ ਲੋਕਾਂ ਦੇ ਅੰਕੜਿਆਂ ‘ਤੇ ਵੀ ਕੰਮ ਕੀਤਾ।
ਉਨ੍ਹਾਂ ਦੇ ਅਨੁਸਾਰ ਇਸ ਜੰਗ ਵਿੱਚ ਮੌਤ ਦਰ ‘ਅਸਾਧਾਰਨ ਤੌਰ ‘ਤੇ ਉੱਚੀ’ ਰਹੀ ਹੈ। ਉਨ੍ਹਾਂ ਨੇ ਕਿਹਾ, “2008 ਤੋਂ ਬਾਅਦ ਗਾਜ਼ਾ ਵਿੱਚ ਹੋਈਆਂ ਕਈ ਜੰਗਾਂ ਦੀ ਤੁਲਨਾ ਵਿੱਚ ਇਸ ਜੰਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਬੇਮਿਸਾਲ ਹੈ।”