ਤੁਰਕੀ(Turkey) ਦੇ ਗਾਜ਼ੀ ਅੰਤੇਪ ਸ਼ਹਿਰ ਦੇ ਨੇੜੇ ਸੋਮਵਾਰ ਤੜਕੇ ਆਏ ਭੂਚਾਲ(Earthquake) ਦੇ ਝਟਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ 3800 ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਜ਼ਖਮੀਆਂ ਦੀ ਗਿਣਤੀ 12 ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ। ਤੁਰਕੀ ਵਿਚ 2379 ਲੋਕਾਂ ਦੇ ਮਾਰੇ ਜਾਣ ਅਤੇ 12 ਹੋਰਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ ਜਦੋਂ ਕਿ ਸੀਰੀਆ ਵਿਚ 711 ਮੌਤਾਂ ਹੋਣ ਅਤੇ 1431 ਦੇ ਜ਼ਖ਼ਮੀ ਹੋਣ ਦੀ ਖਬਰ ਹੈ।
ਭੂਚਾਲ ਕਾਰਨ ਤੁਰਕੀ ਦੇ ਨਾਲ-ਨਾਲ ਸੀਰੀਆ ‘ਚ ਵੀ ਕਾਫੀ ਲੋਕ ਮਾਰੇ ਗਏ ਹਨ। ਦੋਵਾਂ ਦੇਸ਼ਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਚਾਰ ਹਜ਼ਾਰ ਦੇ ਕਰੀਬ ਪਹੁੰਚਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅਗਲੇ ਕੁਝ ਘੰਟਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਭੂਚਾਲ ਦੇ ਬਾਅਦ ਤੋਂ ਅੰਤਰਰਾਸ਼ਟਰੀ ਬਚਾਅ ਕਰਮਚਾਰੀ ਤੁਰਕੀ ਪਹੁੰਚਦੇ ਰਹੇ ਹਨ ਤਾਂ ਜੋ ਬਚਾਅ ਕਾਰਜ ਤੇਜ਼ੀ ਨਾਲ ਕੀਤਾ ਜਾ ਸਕੇ। ਪਰ ਅੰਤਰਰਾਸ਼ਟਰੀ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਸੀਰੀਆ ਤੱਕ ਸਹਾਇਤਾ ਪਹੁੰਚਣ ਵਿੱਚ ਦੇਰੀ ਹੋਣ ਦੀਆਂ ਖਬਰਾਂ ਹਨ।
ਦੱਸ ਦਈਏ ਕਿ ਲੰਘੇ ਕੱਲ੍ਹ ਤੁਰਕੀ (Turkey) ਅਤੇ ਸੀਰੀਆ ‘ਚ 7.8 ਤੀਬਰਤਾ ਵਾਲੇ ਭੂਚਾਲ(Earthquake) ਦੇ ਝਟਕਿਆਂ ਨੇ ਦੋਹਾਂ ਦੇਸ਼ਾਂ ਨੂੰ ਹਲਾ ਕੇ ਰੱਖ ਕੇ ਦਿੱਤਾ ਸੀ।ਸੈਂਕੜੇ ਲੋਕ ਹਾਲੇ ਵੀ ਮਲਬੇ ਹੇਠ ਦੱਬੇ ਹੋਏ ਹਨ, ਤੇ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਰਾਹਤ ਤੇ ਬਚਾਅ ਕਰਮੀਆਂ ਵੱਲੋਂ ਕਈ ਸ਼ਹਿਰਾਂ ਵਿਚ ਮਲਬੇ ਦੇ ਢੇਰਾਂ ਥੱਲੇ ਦੱਬੇ ਲੋਕਾਂ ਨੂੰ ਲੱਭਿਆ ਜਾ ਰਿਹਾ ਹੈ।
ਭੂਚਾਲ ਦੇ ਝਟਕਿਆਂ ਦੌਰਾਨ ਕਈ ਹਸਪਤਾਲਾਂ ਵਿਚੋਂ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ। ਤੁਰਕੀ ਦੇ ਸ਼ਹਿਰ ਅਦਾਨਾ ਤੇ ਦਿਆਰਬਾਕਿਰ ਵਿਚ ਕਾਫ਼ੀ ਨੁਕਸਾਨ ਹੋਇਆ ਹੈ।
ਕਾਹਿਰਾ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਤੁਰਕੀ ਭੂਚਾਲਾਂ ਦੇ ਪੱਖ ਤੋਂ ਸੰਵੇਦਨਸ਼ੀਲ ਇਲਾਕਾ ਹੈ ਤੇ ਇੱਥੇ ਆਮ ਤੌਰ ’ਤੇ ਝਟਕੇ ਲੱਗਦੇ ਰਹਿੰਦੇ ਹਨ। ਸੰਨ 1999 ਵਿਚ ਆਏ ਭੂਚਾਲ ’ਚ 18 ਹਜ਼ਾਰ ਲੋਕ ਮਾਰੇ ਗਏ ਸਨ। ਅੱਜ ਆਏ ਭੂਚਾਲ ਨਾਲ ਸੀਰੀਆ ਦੇ ਸ਼ਹਿਰ ਅਲੇਪੋ ਤੋਂ ਲੈ ਕੇ ਤੁਰਕੀ ਦੇ ਦਿਆਰਬਾਕਿਰ ਤੱਕ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਸੀਰੀਆ ਵਿਚ ਬਾਗ਼ੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਕਰੀਬ 400 ਲੋਕ ਮਾਰੇ ਗਏ ਹਨ।