ਮੋਰੱਕੋ ‘ਚ 8 ਸਤੰਬਰ ਦੀ ਰਾਤ ਨੂੰ ਆਏ 6.8 ਤੀਬਰਤਾ ਦੇ ਭੂਚਾਲ (Morocco Earthquake) ਨੇ ਇਸ ਅਫਰੀਕੀ ਦੇਸ਼ ‘ਚ ਭਾਰੀ ਤਬਾਹੀ ਮਚਾਈ ਹੈ। ਇਸ ਕੁਦਰਤੀ ਆਫ਼ਤ ਤੋਂ ਬਾਅਦ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਤੱਕ 2000 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਭੂਚਾਲ ਦੇ 48 ਘੰਟੇ ਬਾਅਦ ਵੀ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਹਜ਼ਾਰਾਂ ਜ਼ਖਮੀਆਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।
ਸੈਂਕੜੇ ਇਮਾਰਤਾਂ ਜ਼ਮੀਨ ਨਾਲ ਢਹਿ ਜਾਣ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਲ ਜਜ਼ੀਰਾ ਮੁਤਾਬਕ ਮੋਰੱਕੋ ‘ਚ 3 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਮੋਰੱਕੋ ਦੀ ਸੈਨਾ ਦੇ ਇੱਕ ਬਿਆਨ ਦੇ ਅਨੁਸਾਰ, ਕਿੰਗ ਮੁਹੰਮਦ VI ਨੇ ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਖੋਜ ਅਤੇ ਬਚਾਅ ਟੀਮਾਂ ਅਤੇ ਇੱਕ ਸਰਜੀਕਲ ਫੀਲਡ ਹਸਪਤਾਲ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੋਰੱਕੋ ਦੇ ਉੱਚ ਐਟਲਸ ਪਹਾੜਾਂ ਨੂੰ ਹਿਲਾ ਦੇਣ ਵਾਲੇ ਭੂਚਾਲ ਦੇ ਕੇਂਦਰ ਦੇ ਸਭ ਤੋਂ ਨੇੜੇ ਦੇ ਸ਼ਹਿਰ ਮਾਰਾਕੇਸ਼ ਵਿੱਚ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਪਰ ਜ਼ਿਆਦਾਤਰ ਮੌਤਾਂ ਅਲ-ਹੌਜ਼ ਅਤੇ ਤਰੌਦੰਤ ਪ੍ਰਾਂਤਾਂ ਦੇ ਦੱਖਣ ਵਿੱਚ ਪਹਾੜੀ ਖੇਤਰਾਂ ਵਿੱਚ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ, ਖੋਜ ਅਤੇ ਬਚਾਅ ਟੀਮਾਂ ਮਲਬਾ ਹਟਾਉਣ ਅਤੇ ਸੜਕਾਂ ਨੂੰ ਸਾਫ਼ ਕਰਨ ਵਿੱਚ ਰੁੱਝੀਆਂ ਹੋਈਆਂ ਹਨ। ਭੂਚਾਲ ਦੀ ਡੂੰਘਾਈ 18.5 ਕਿਲੋਮੀਟਰ ਮਾਪੀ ਗਈ।
ਜ਼ਬਰਦਸਤ ਭੂਚਾਲ ਦੇ ਝਟਕੇ ਦੱਖਣ ਵਿੱਚ ਸਿਦੀ ਇਫਨੀ ਤੋਂ ਲੈ ਕੇ ਉੱਤਰ ਵਿੱਚ ਰਬਾਤ ਤੱਕ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਮਾਰਾਕੇਸ਼ ਤੋਂ 72 ਕਿਲੋਮੀਟਰ ਪੱਛਮ ਵਿੱਚ ਇੱਕ ਪ੍ਰਮੁੱਖ ਆਰਥਿਕ ਹੱਬ ਸੀ। ਤੁਰਕੀ ਦੇ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਵਿਭਾਗ (ਏਐਫਏਡੀ) ਦਾ ਕਹਿਣਾ ਹੈ ਕਿ ਉਸਨੇ ਮੋਰੱਕੋ ਤੋਂ ਐਮਰਜੈਂਸੀ ਚੇਤਾਵਨੀ ਪ੍ਰਾਪਤ ਹੋਣ ਦੀ ਸਥਿਤੀ ਵਿੱਚ ਮੈਡੀਕਲ, ਰਾਹਤ, ਖੋਜ ਅਤੇ ਬਚਾਅ ਏਜੰਸੀਆਂ ਦੇ 265 ਮੈਂਬਰਾਂ ਨੂੰ ਅਲਰਟ ‘ਤੇ ਰੱਖਿਆ ਹੈ।
ਨੈਸ਼ਨਲ ਇੰਸਟੀਚਿਊਟ ਆਫ ਜੀਓਫਿਜ਼ਿਕਸ ‘ਚ ਭੂਚਾਲ ਨਿਗਰਾਨੀ ਅਤੇ ਚਿਤਾਵਨੀ ਵਿਭਾਗ ਦੇ ਮੁਖੀ ਲਹਕਾਨ ਮਹੰਨੀ ਨੇ ‘2ਐੱਮ’ ਟੀਵੀ ਨੂੰ ਦੱਸਿਆ ਕਿ ਇਹ ਭੂਚਾਲ ‘ਬੇਮਿਸਾਲ’ ਸੀ। ਉਸ ਨੇ ਕਿਹਾ, ‘ਇੰਨੀ ਤੀਬਰਤਾ ਦੇ ਭੁਚਾਲ ਆਮ ਤੌਰ ‘ਤੇ ਪਹਾੜੀ ਖੇਤਰਾਂ ਵਿੱਚ ਨਹੀਂ ਆਉਂਦੇ। ਇਹ ਇਸ ਖੇਤਰ ਵਿੱਚ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ।’ 1960 ਵਿੱਚ ਮੋਰੋਕੋ ਦੇ ਅਗਾਦਿਰ ਸ਼ਹਿਰ ਦੇ ਨੇੜੇ 5.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ।