Punjab

ਨੌਜਵਾਨ ਲੜਕੇ ਦੀ ਮੌਤ, ਮਾਂ ਨੇ ਪੁਲਿਸ ’ਤੇ ਲਾਏ ਤਸ਼ੱਦਦ ਕਰਨ ਦੇ ਇਲਜ਼ਾਮ

ਕਪੂਰਥਲਾ : ਕਪੂਰਥਲਾ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਲਿਆਂਦੇ ਗਏ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਗੱਲ ਸਾਹਮਣੇ ਆਈ ਹੈ। ਗੁਰਪ੍ਰੀਤ ਨਾਂ ਦੇ ਇਸ ਨੌਜਵਾਨ ਤੇ ਚੋਰੀ ਦਾ ਇਲਜ਼ਾਮ ਸੀ ਤੇ ਪੁਲਿਸ ਨੇ ਇਸ ਦਾ ਰਿਮਾਂਡ ਲਿਆ ਹੋਇਆ ਸੀ।

ਮ੍ਰਿਤਕ ਦੀ ਮਾਂ ਜਗਜੀਤ ਕੌਰ ਨੇ ਇਸ ਕਤਲ ਦੀ ਜ਼ਿੰਮੇਵਾਰ ਪੁਲਿਸ ਨੂੰ ਦੱਸਿਆ ਹੈ। ਉਹਨਾ ਕਿਹਾ ਕਿ ਜੇਲ੍ਹ ਵਿੱਚ ਆਪਣੇ ਪੁੱਤਰ ਨਾਲ ਮੁਲਾਕਾਤ ਦੇ ਦੌਰਾਨ ਉਸ ਦੇ ਪੁੱਤਰ ਨੇ ਉਸ ਨੂੰ ਦੱਸਿਆ ਸੀ ਕਿ ਕਿਵੇਂ ਪੁਲਿਸ ਉਸ ਨਾਲ ਕੁੱਟਮਾਰ ਕਰਦੀ ਹੈ ਤੇ ਉਸ ਦੇ ਅੰਦਰੂਨੀ ਅੰਗਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ।

ਮਾਂ ਵੱਲੋਂ ਪੁਲਿਸ ਤੇ ਲਗਾਏ ਇਲਜ਼ਾਮਾਂ ਤੋਂ ਬਾਅਦ ਜਿਊਡੀਸ਼ੀਅਲ ਮੈਜਿਸਟਰੇਟ ਦੀ ਨਿਗਰਾਨੀ ਹੇਠ ਤਿੰਨ ਮੈਂਬਰੀ ਡਾਕਟਰਾਂ ਦੇ ਪੈਨਲ ਨੇ ਪੋਸਟਮਾਰਟਮ ਕੀਤਾ ਤੇ ਰਿਪੋਰਟ ਵਿੱਚ ਇਹ ਦੱਸਿਆ ਗਿਆ ਕਿ ਸਰੀਰ ਦੇ ਕਿਸੇ ਵੀ ਅੰਗ ਤੇ ਸੱਟਾਂ ਦੇ ਨਿਸ਼ਾਨ ਨਹੀਂ ਹਨ। ਸਗੋਂ ਇਹ ਕਿਹਾ ਗਿਆ ਕਿ ਇਹ ਮੁੰਡਾ ਨਸ਼ੇ ਦਾ ਆਦੀ ਸੀ।

ਪੁਲਿਸ ‘ਤੇ ਲੱਗੇ ਇਲਜ਼ਾਮਾਂ ਬਾਰੇ ਥਾਣਾ ਜਮਸ਼ੇਰ ਦੇ ਐਸਐਚਓ ਅਜਾਇਬ ਸਿੰਘ ਨੇ ਇਹ ਦੱਸਿਆ ਹੈ ਕਿ ਦਸਹਿਰੇ ਵਾਲੇ ਦਿਨ ਚੋਰੀ ਹੋਈ ਇੱਕ ਸਕੂਟਰੀ ਦੇ ਮਾਮਲੇ ਵਿੱਚ ਇਹ ਵਿਅਕਤੀ ਲੋੜੀਂਦਾ ਸੀ ਜਦੋਂ ਕਿ ਇਸ ਦੇ ਹੋਰ ਸਾਥੀ ਪਹਿਲਾਂ ਹੀ ਪੁਲਿਸ ਦੇ ਅੜੀਕੇ ਆ ਗਏ ਸਨ।

ਇਸ ਤੇ ਮ੍ਰਿਤਕ ਦੀ ਮਾਂ ਦਾ ਇਲਜ਼ਾਮ ਸੀ ਕਿ ਉਸ ਦਾ ਪੁੱਤਰ ਇੱਕ ਢਾਬੇ ਤੇ ਕੰਮ ਕਰਦਾ ਸੀ ਤੇ ਉੱਥੇ ਕੰਮ ਕਰਦੇ ਇੱਕ ਪ੍ਰਵਾਸੀ ਨੇ ਦਸਹਿਰੇ ਤੋਂ ਪਹਿਲਾਂ ਇੱਕ ਟੁਲੂ ਪੰਪ ਚੋਰੀ ਕੀਤਾ ਸੀ। ਜਿਸ ਕਾਰਨ ਉਸ ਦੇ ਘਰ ਦੀ ਵੀ ਤਲਾਸ਼ੀ ਲਈ ਗਈ ਸੀ ਪਰ ਕੁੱਝ ਵੀ ਨਹੀਂ ਮਿਲਿਆ ਸੀ। ਇਸ ਸਬੰਧ ਵਿੱਚ ਉਸ ਦਾ ਪੁੱਤਰ ਜੱਦ ਖ਼ੁਦ ਥਾਣੇ ਗਿਆ ਤਾਂ ਉਸ ਨੂੰ ਫੜ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਤੇ ਨਾਜਾਇਜ਼ ਹੀ ਸਕੂਟਰੀ ਦਾ ਕੇਸ ਪਾਇਆ ਗਿਆ ।