India Punjab

ਨਹਿਰ ’ਚ ਰੁੜ੍ਹੇ ਹਿਮਾਚਲ ਦੇ ਦੋ ਨੌਜਵਾਨ ਮਿਲੇ , ਸੈਲਫੀ ਲੈਣ ਦੇ ਚੱਕਰ ‘ਚ ਪਿਸਲਿਆ ਸੀ ਪੈਰ ,ਇਕ ਨੂੰ ਬਚਾਉਣ ਲਈ ਦੂਜੇ ਨੇ ਮਾਰੀ ਸੀ ਛਾਲ

The dead bodies of two young men of Himachal were found in the canal their feet were crushed while taking a selfie the other jumped to save one.

ਰੂਪਨਗਰ-ਚੰਡੀਗੜ੍ਹ ਰੋਡ ’ਤੇ ਸਥਿਤ ਰੰਗੀਲਪੁਰ ਪਿੰਡ ਨੇੜੇ 5 ਮਾਰਚ ਨੂੰ ਸੈਲਫੀ ਲੈਂਦੇ ਸਮੇਂ ਭਾਖੜਾ ਨਹਿਰ ਵਿੱਚ ਰੁੜ੍ਹੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਥਾਣਾ ਸਿੰਘ ਭਗਵੰਤਪੁਰ ਦੀ ਪੁਲੀਸ ਨੇ ਐੱਨਡੀਆਰਐੱਫ ਦੀ ਟੀਮ ਦੀ ਸਹਾਇਤਾ ਨਾਲ ਭਾਖੜਾ ਨਹਿਰ ਵਿੱਚੋਂ ਬਰਾਮਦ ਕਰ ਲਈਆਂ ਹਨ। ਹਾਦਸੇ ਦੇ 5ਵੇਂ ਦਿਨ ਲਾਸ਼ਾਂ ਮਿਲੀਆਂ ਸਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਨਹਿਰ ਦੇ ਕੰਢੇ ਦੋਵਾਂ ਦੋਸਤਾਂ ਦੇ ਆਖਰੀ ਪਲਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਥਾਣਾ ਮੁਖੀ ਹਰਪ੍ਰੀਤ ਸਿੰਘ ਮਾਹਲ ਨੇ ਦੱਸਿਆ ਕਿ 5 ਮਾਰਚ ਨੂੰ ਖਰੜ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ ਵਾਲੇ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਰੂਪਨਗਰ ਵੱਲ ਜਾਂਦੇ ਸਮੇਂ ਰੰਗੀਲਪੁਰ ਨੇੜੇ ਭਾਖੜਾ ਨਹਿਰ ਦੀ ਪਟੜੀ ’ਤੇ ਰੁਕ ਕੇ ਆਪਣੇ ਮੋਬਾਈਲ ਨਾਲ ਸੈਲਫੀਆਂ ਲੈਣ ਲੱਗ ਪਏ। ਇਸ ਦੌਰਾਨ ਇੱਕ ਨੌਜਵਾਨ ਦਾ ਪੈਰ ਫਿਸਲਣ ਕਾਰਨ ਉਹ ਭਾਖੜਾ ਨਹਿਰ ਵਿੱਚ ਡਿੱਗ ਗਿਆ ਤੇ ਦੂਜੇ ਨੌਜਵਾਨ ਨੇ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ।

ਉਹ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਸੇ ਦਿਨ ਤੋਂ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਸੀ, ਪਰ ਜਦੋਂ ਨੌਜਵਾਨਾਂ ਦਾ ਕੋਈ ਸੁਰਾਗ ਨਾ ਲੱਗਿਆ ਤਾਂ ਐੱਨਡੀਆਰਐੱਫ ਦੀ ਟੀਮ ਸੱਦ ਕੇ ਭਾਖੜਾ ਨਹਿਰ ਵਿੱਚ ਰੁੜ੍ਹੇ ਨੌਜਵਾਨਾਂ ਦੀ ਭਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਵਿਰਾਜ (30) ਪੁੱਤਰ ਦਯਾਨੰਦ ਵਾਸੀ ਸਿਧਰੋਟੀ (ਸ਼ਿਮਲਾ) ਦੀ ਲਾਸ਼ ਰਾਜਪੁਰਾ ਨੇੜਿਓਂ ਅਤੇ ਸੁਮਿਤ (25) ਪੁੱਤਰ ਲੋਭ ਰਾਮ ਵਾਸੀ ਬਛਲਾ (ਸ਼ਿਮਲਾ) ਦੀ ਲਾਸ਼ ਸਰਹਿੰਦ ਨੇੜਿਓਂ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਵਿਰਾਜ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ, ਜਦੋਂ ਕਿ ਸੁਮਿਤ ਦੀ ਲਾਸ਼ ਦਾ ਪੋਸਟਮਾਰਟਮ ਸਵੇਰੇ ਕਰਵਾਇਆ ਜਾਵੇਗਾ।

ਦੱਸ ਦਈਏ ਕਿ ਇਹ ਹਾਦਸਾ ਬੀਤੇ ਦਿਨੀਂ ਰੋਪੜ ਦੇ ਰੰਗੀਲਪੁਰ ਪੁਲ ਨੇੜੇ ਸੈਲਫੀ ਲੈਂਦੇ ਸਮੇਂ ਪੈਰ ਫਿਸਲਣ ਕਾਰਨ ਵਾਪਰਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੁਮਿਤ ਮੋਹਾਲੀ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਵਿਰਾਜ 5 ਮਾਰਚ ਸ਼ਨੀਵਾਰ ਨੂੰ ਆਪਣੇ ਦੋਸਤ ਨੂੰ ਮਿਲਣ ਲਈ ਖਰੜ ਗਿਆ ਸੀ। ਐਤਵਾਰ ਸਵੇਰੇ ਦੋਵੇਂ ਭਾਖੜਾ ਨਹਿਰ ਰੰਗੀਲਪੁਰ ਨੇੜੇ ਦੋ ਮੋਟਰਸਾਈਕਲਾਂ ‘ਤੇ ਸੈਰ ਕਰਨ ਗਏ ਸਨ। ਉਸ ਦੇ ਨਾਲ ਤੀਜਾ ਸਾਥੀ ਅਮਨ ਵਾਸੀ ਬਿਹਾਰ ਵੀ ਸੀ।

ਭਾਖੜਾ ਨਹਿਰ ਦੇ ਕੰਢੇ ਸਨੈਪਚੈਟ ਰੀਲ ਬਣਾਉਣ ਅਤੇ ਸੈਲਫੀ ਲੈਂਦੇ ਸਮੇਂ ਅਚਾਨਕ ਪੈਰ ਫਿਸਲਣ ਕਾਰਨ ਸੁਮਿਤ ਨਹਿਰ ਵਿੱਚ ਡਿੱਗ ਗਿਆ। ਜਦੋਂ ਵਿਰਾਜ ਨੇ ਉਸ ਨੂੰ ਬਚਾਉਣ ਲਈ ਉਸ ਦਾ ਹੱਥ ਫੜਿਆ ਤਾਂ ਉਸ ਦੀ ਲੱਤ ਵੀ ਤਿਲਕ ਗਈ ਅਤੇ ਦੋਵੇਂ ਨਹਿਰ ਦੇ ਤੇਜ਼ ਪਾਣੀ ਵਿਚ ਵਹਿ ਗਏ। ਜਦੋਂ ਇਹ ਦੋਵੇਂ ਨੌਜਵਾਨ ਭਾਕਰ ਨਹਿਰ ਵਿੱਚ ਵਹਿ ਰਹੇ ਸਨ ਤਾਂ ਇਨ੍ਹਾਂ ਦੇ ਸਾਥੀ ਨੌਜਵਾਨ ਅਮਨ ਨੇ ਉਨ੍ਹਾਂ ਨੂੰ ਬਚਾਉਣ ਲਈ ਰੌਲਾ ਪਾਇਆ।

ਪੁਲ ਦੇ ਨਾਲ ਸਥਿਤ ਖਵਾਜਾ ਮੰਦਿਰ ਵਿਖੇ ਸਵੇਰ ਦੀ ਸੇਵਾ ਲਈ ਆਏ ਇਕ ਜਵਾਨ ਅਤੇ ਹੋਮਗਾਰਡ ਦੇ ਜਵਾਨਾਂ ਨੇ ਰੱਸੀ ਦੀ ਮਦਦ ਨਾਲ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਪਾਣੀ ਦੇ ਵਹਾਅ ਦੀ ਲਪੇਟ ਵਿਚ ਆ ਕੇ ਦੋਵੇਂ ਜਵਾਨ ਰੁੜ੍ਹ ਗਏ ਸਨ।