India International Khaas Lekh Khalas Tv Special Sports

AI ਦਾ ਖ਼ਤਰਨਾਕ ਚਿਹਰਾ – Grok AI ਅਤੇ ਪ੍ਰਤਿਕਾ ਰਾਵਲ ਵਿਵਾਦ

ਅੱਜ ਅਸੀਂ ਗੱਲ ਕਰਾਂਗੇ ਸੋਸ਼ਲ ਮੀਡੀਆ ਦੀ ਉਸ ਤਕਨੀਕ ਬਾਰੇ ਜੋ ਵਰਦਾਨ ਘੱਟ ਅਤੇ ਸਰਾਪ ਜ਼ਿਆਦਾ ਸਾਬਤ ਹੋ ਰਹੀ ਹੈ। ਐਲਨ ਮਸਕ ਦੇ AI ਚੈਟਬੋਟ ‘Grok’ ਨੇ ਇੱਕ ਅਜਿਹਾ ਸਕੈਂਡਲ ਖੜ੍ਹਾ ਕਰ ਦਿੱਤਾ ਹੈ, ਜਿਸ ਨੇ ਮਹਿਲਾਵਾਂ ਦੀ ਸੁਰੱਖਿਆ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਭਾਰਤੀ ਮਹਿਲਾ ਕ੍ਰਿਕੇਟ ਦੀ ਸਟਾਰ ਬੱਲੇਬਾਜ਼ ਪ੍ਰਤਿਕਾ ਰਾਵਲ ਵੀ ਇਸ ਦੀ ਤਾਜ਼ਾ ਸ਼ਿਕਾਰ ਹੋਈ ਹੈ।  

ਪ੍ਰਤਿਕਾ ਰਾਵਲ ਅਤੇ Grok AI ਸਕੈਂਡਲ

ਮਹਿਲਾ ਵਿਸ਼ਵ ਕੱਪ 2025 ਦੀ ਹੀਰੋ ਰਹੀ ਪ੍ਰਤਿਕਾ ਰਾਵਲ ਨੇ 308 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦਿਵਾਈ, ਪਰ ਅੱਜ ਉਹ ਇੱਕ ਵੱਖਰੀ ਹੀ ਜੰਗ ਲੜ ਰਹੀ ਹੈ। 

ਦਰਅਸਲ, ਐਲਨ ਮਸਕ ਦੀ ਕੰਪਨੀ XAI ਦੇ ਚੈਟਬੋਟ ‘Grok’ ਨੇ ਯੂਜ਼ਰਸ ਦੇ ਕਹਿਣ ‘ਤੇ ਮਹਿਲਾਵਾਂ ਅਤੇ ਨਾਬਾਲਗ ਲੜਕੀਆਂ ਦੀਆਂ ਤਸਵੀਰਾਂ ਨੂੰ ਬਿਕਨੀ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ ਸੀ। 

ਕੁਝ ਲੋਕਾਂ ਵੱਲੋਂ ਪ੍ਰਤਿਕਾ ਦੀਆਂ ਤਸਵੀਰਾਂ ਨੂੰ ਵੀ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਤੋਂ ਦੁਖੀ ਹੋ ਕੇ ਪ੍ਰਤਿਕਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਸਿੱਧੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਲਿਖਿਆ:

“ਮੈਂ ਆਪਣੀ ਕਿਸੇ ਵੀ ਤਸਵੀਰ ਨੂੰ ਲੈਣ, ਸੋਧਣ ਜਾਂ ਐਡਿਟ ਕਰਨ ਦੀ ਇਜਾਜ਼ਤ (Authorize) ਨਹੀਂ ਦਿੰਦੀ। ਜੇਕਰ ਕੋਈ ਤੀਜੀ ਧਿਰ ਮੇਰੀ ਕਿਸੇ ਵੀ ਫੋਟੋ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਨ ਦੀ ਮੰਗ ਕਰਦੀ ਹੈ, ਤਾਂ ਉਸ ਨੂੰ ਤੁਰੰਤ ਰੱਦ ਕੀਤਾ ਜਾਵੇ।”

ਐਲੋਨ ਮਸਕ ਅਤੇ ਭਾਰਤ ਸਰਕਾਰ ਦਾ ਐਕਸ਼ਨ

ਇਸ ਘਟਨਾ ਤੋਂ ਬਾਅਦ Grok ਨੇ ਇੱਕ ਬਿਆਨ ਜਾਰੀ ਕਰਕੇ ਅਧਿਕਾਰਤ ਤੌਰ ‘ਤੇ ਮਾਫ਼ੀ ਮੰਗਦਿਆਂ ਸਵੀਕਾਰ ਕੀਤਾ ਕਿ 28 ਦਸੰਬਰ 2025 ਨੂੰ ਦੋ ਨਾਬਾਲਗ ਲੜਕੀਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਬਣਾਈਆਂ ਗਈਆਂ ਸਨ, ਜੋ ਕਿ ਨੈਤਿਕ ਮਿਆਰਾਂ ਅਤੇ ਕਾਨੂੰਨਾਂ ਦੀ ਉਲੰਘਣਾ ਸੀ। 

ਉਨ੍ਹਾਂ ਨੇ ਇਸ ਲਈ ਮਾਫ਼ੀ ਵੀ ਮੰਗੀ ਹੈ। ਪਰ ਸਵਾਲ ਇਹ ਹੈ ਕਿ ਜਿਹੜੀਆਂ ਤਸਵੀਰਾਂ ਪਹਿਲਾਂ ਹੀ ਵਾਇਰਲ ਹੋ ਚੁੱਕੀਆਂ ਹਨ, ਉਨ੍ਹਾਂ ਬਾਰੇ ਗਰੋਕ, ਇਲੋਨ ਮਸਕ ਤੇ ਸਰਕਾਰ ਨੇ ਕੀ ਕਾਰਵਾਈ ਕੀਤੀ ਹੈ?

ਇਹ ਮਾਮਲਾ ਇੰਨਾ ਭਖ ਗਿਆ ਕਿ ਭਾਰਤ ਸਰਕਾਰ ਨੂੰ ਵੀ ਇਸ ’ਤੇ ਦਖ਼ਲ ਦੇਣਾ ਪਿਆ। ਸਰਕਾਰ ਵੱਲੋਂ ਪਾਏ ਗਏ ਦਬਾਅ ਤੋਂ ਬਾਅਦ ਐਲਨ ਮਸਕ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ’ਤੇ ਸਖ਼ਤ ਐਕਸ਼ਨ ਲੈਣਗੇ।

ਗ੍ਰੋਕ (Grok) ਕੀ ਹੈ?

  • ਗ੍ਰੋਕ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਚੈਟਬੋਟ ਹੈ ਜੋ ਐਲਨ ਮਸਕ ਦੀ ਕੰਪਨੀ xAI ਦੁਆਰਾ ਵਿਕਸਤ ਕੀਤਾ ਗਿਆ ਹੈ।
  • ਇਹ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਦੇ ਨਾਲ ਸਿੱਧਾ ਜੁੜਿਆ ਹੋਇਆ ਹੈ ਅਤੇ ਇਸਦੇ ਯੂਜ਼ਰਸ ਲਈ ਉਪਲੱਬਧ ਹੈ।
  • ਇਹ ਚੈਟਬੋਟ ਸਿਰਫ਼ ਸਵਾਲਾਂ ਦੇ ਜਵਾਬ ਹੀ ਨਹੀਂ ਦਿੰਦਾ, ਸਗੋਂ ਯੂਜ਼ਰਸ ਦੇ ਪ੍ਰੌਮਪਟ (ਇੰਸਟ੍ਰਕਸ਼ਨ) ਦੇ ਆਧਾਰ ‘ਤੇ ਤਸਵੀਰਾਂ ਵੀ ਬਣਾ ਸਕਦਾ ਹੈ ਅਤੇ ਉਨ੍ਹਾਂ ਨੂੰ ਐਡਿਟ (Edit) ਵੀ ਕਰ ਸਕਦਾ ਹੈ।
  • ਇਸੇ ਫੀਚਰ ਕਰਕੇ ਗ੍ਰੋਕ ਵੱਡੇ ਵਿਵਾਦ ਵਿੱਚ ਘਿਰ ਗਿਆ ਹੈ ਕਿਉਂਕਿ ਯੂਜ਼ਰਸ ਇਸਦੀ ਵਰਤੋਂ ਔਰਤਾਂ ਅਤੇ ਨਾਬਾਲਗ ਕੁੜੀਆਂ ਦੀਆਂ ਤਸਵੀਰਾਂ ਨੂੰ ਅਸ਼ਲੀਲ (ਬਿਕਨੀ) ਤਸਵੀਰਾਂ ਵਿੱਚ ਬਦਲਣ ਲਈ ਕਰਨ ਲੱਗੇ ਸਨ।
  • ਇਸੇ ਚੈਟਬੋਟ ਨੇ ਯੂਜ਼ਰਸ ਦੁਆਰਾ ਦਿੱਤੇ ਗਏ ਅਜਿਹੇ ਗਲਤ ਕਮਾਂਡਾਂ ‘ਤੇ ਅਮਲ ਕਰਕੇ ਇਤਰਾਜ਼ਯੋਗ ਤਸਵੀਰਾਂ ਤਿਆਰ ਕੀਤੀਆਂ। 

ਜੇਕਰ ਤੁਹਾਡੀ ਫੋਟੋ ਨਾਲ ਛੇੜਛਾੜ ਹੋਵੇ ਤਾਂ ਕੀ ਕਰੀਏ?

ਜੇਕਰ ਤੁਹਾਡੀ ਜਾਂ ਤੁਹਾਡੇ ਕਿਸੇ ਜਾਣਕਾਰ ਦੀ ਤਸਵੀਰ ਨਾਲ ਅਜਿਹੀ ਕੋਈ ਛੇੜਛਾੜ ਹੁੰਦੀ ਹੈ, ਤਾਂ ਘਬਰਾਉਣ ਦੀ ਲੋੜ ਨਹੀਂ। ਕੁਝ ਆਸਾਨ ਜਿਹੇ ਸਟੈਪਸ ਫਾਲੋਅ ਕਰਕੇ ਤੁਸੀਂ ਇਸ ਮੁਸੀਬਤ ਦਾ ਸਾਹਮਣਾ ਕਰ ਸਕਦੇ ਹੋ।

  1. ਸਕ੍ਰੀਨਸ਼ੌਟ ਲਓ: ਸਭ ਤੋਂ ਪਹਿਲਾਂ ਉਸ ਪੋਸਟ ਅਤੇ ਪ੍ਰੌਮਪਟ ਦਾ ਸਕ੍ਰੀਨਸ਼ੌਟ ਲਓ।
  2. ਰਿਪੋਰਟ ਕਰੋ: ਉਸ ਯੂਜ਼ਰ ਅਤੇ ਪੋਸਟ ਨੂੰ ਤੁਰੰਤ ‘Report Post’ ਰਾਹੀਂ ਰਿਪੋਰਟ ਕਰੋ।
  3. ਪੁਲਿਸ ਨੂੰ ਸੂਚਿਤ ਕਰੋ: ਤੁਰੰਤ ਨਜ਼ਦੀਕੀ ਸਾਈਬਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਓ।
  4. ਟੇਕਡਾਊਨ ਟੂਲਸ: ਆਪਣੀ ਤਸਵੀਰ ਨੂੰ ਇੰਟਰਨੈੱਟ ਤੋਂ ਹਟਾਉਣ ਲਈ ਸਪੈਸ਼ਲ ਟੇਕਡਾਊਨ ਟੂਲਸ (ਜਿਵੇਂ StopNCII.org) ਦੀ ਮਦਦ ਲਓ।

ਤਕਨੀਕ ਦਾ ਵਿਕਾਸ ਚੰਗੀ ਗੱਲ ਹੈ, ਪਰ ਕਿਸੇ ਦੀ ਨਿੱਜਤਾ ਨਾਲ ਖੇਡਣਾ ਅਪਰਾਧ ਹੈ। ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਸਮੇਂ ਸਾਵਧਾਨ ਰਹੋ ਅਤੇ ਜੇ ਕਿਸੇ ਅਣਸੁਖਾਵੀਂ ਘਟਨਾ ਦਾ ਸ਼ਿਕਾਰ ਹੋ ਜਾਵੋ ਤਾਂ ਘਬਰਾਉਣ ਦੀ ਬਜਾਏ ਇਸ ਦਾ ਮੁਬਾਕਲਾ ਕਰੋ।