ਮਿਆਂਮਾਰ ਅਤੇ ਹਾਂਗਕਾਂਗ ‘ਚ 7.7 ਤੀਬਰਤਾ ਵਾਲੇ ਸ਼ਕਤੀਸ਼ਾਲੀ ਭੂਚਾਲ ਵਿੱਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਅੱਜ 1,000 ਤੋਂ ਵੱਧ ਹੋ ਗਈ ਹੈ ਕਿਉਂਕਿ ਢਹਿ ਗਈਆਂ ਇਮਾਰਤਾਂ ਦੇ ਮਲਬੇ ਵਿੱਚੋਂ ਮ੍ਰਿਤਕ ਦੇਹਾਂ ਕੱਢੀਆਂ ਗਈਆਂ ਹਨ।
ਸਥਾਨਕ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ 1002 ਲੋਕ ਮ੍ਰਿਤਕ ਪਾਏ ਗਏ ਹਨ ਅਤੇ 2,376 ਹੋਰ ਜ਼ਖਮੀ ਹਨ, 30 ਹੋਰ ਲਾਪਤਾ ਹਨ। ਸ਼ੰਕਾ ਹੈ ਕਿ ਗਿਣਤੀ ਅਜੇ ਹੋਰ ਵੀ ਵਧ ਸਕਦੀ ਹੈ। ਹਾਲਾਂਕਿ ਮੀਡੀਆ ਰਿਪੋਰਟਾਂ ਅਨੁਸਾਰ ਇਹ ਗਿਣਤੀ 10 ਹਜ਼ਾਰ ਦੇ ਨੇੜੇ-ਤੇੜੇ ਦੱਸੀ ਜਾ ਰਹੀ ਹੈ. ਭਾਰਤ ਨੇ ਭੂਚਾਲ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਮਿਆਂਮਾਰ ਦੇ ਲੋਕਾਂ ਲਈ ਮਨੁੱਖੀ ਮਦਦ ਦੀ ਪਹਿਲੀ ਖੇਪ ਭੇਜੀ ਹੈ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਆਪਣੇ ਪੋਸਟ ‘ਚ ਲਿਖਿਆ ਕਿ ਹਵਾਈ ਫ਼ੌਜ ਦਾ ਸੀ-130 ਜਹਾਜ਼ ਕੰਬਲ, ਤਿਰਪਾਲ, ਸਵੱਛਤਾ ਕਿੱਟ, ਸਲੀਪਿੰਗ ਬੈਗ, ਸੋਲਰ ਲੈਂਪ, ਭੋਜਨ ਦੇ ਪੈਕੇਟ ਅਤੇ ਰਸੋਈ ਸੈੱਟ ਲੈ ਕੇ ਜਾ ਰਿਹਾ ਹੈ। ਇਸ ਉਡਾਣ ਨਾਲ ਇਕ ਖੋਜ਼ ਅਤੇ ਬਚਾਅ ਦਲ ਤੇ ਮੈਡੀਕਲ ਦਲ ਵੀ ਹੈ। ਅਸੀਂ ਘਟਨਾਕ੍ਰਮ ‘ਤੇ ਨਜ਼ਰ ਰੱਖਣਾ ਜਾਰੀ ਰਖਾਂਗੇ ਅਤੇ ਅੱਗੇ ਹੋਰ ਮਦਦ ਭੇਜੀ ਜਾਵੇਗੀ।
ਜਿਕਰੇਖਾਸ ਹੈ ਕਿ ਮਿਆਂਮਾਰ ‘ਚ ਸ਼ੁੱਕਰਵਾਰ ਸਵੇਰੇ 11:50 ਵਜੇ 7.7 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ ਭਾਰਤ, ਥਾਈਲੈਂਡ, ਬੰਗਲਾਦੇਸ਼ ਅਤੇ ਚੀਨ ਸਮੇਤ ਪੰਜ ਦੇਸ਼ਾਂ ਵਿੱਚ ਮਹਿਸੂਸ ਕੀਤੇ ਗਏ। ਮਿਆਂਮਾਰ ਅਤੇ ਥਾਈਲੈਂਡ ਵਿੱਚ ਇਸ ਭੁਚਾਲ ਨੇ ਭਿੰਕਰ ਤਬਾਹੀ ਮਚਾਈ ਹੈ ਅਤੇ ਇਸ ਲਿਹਾਜ ਨਾਲ ਇਹ ਸਾਲ 2025 ਦੀ ਇਹ ਸਭ ਤੋਂ ਵੱਡੀ ਘਟਨਾ ਹੈ। ਇਕੱਲੇ ਮਿਆਂਮਾਰ ‘ਚ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਬਹੁਤ ਲੋਕ ਜ਼ਖਮੀ ਹਨ। ਇਸ ਦੇ ਨਾਲ ਹੀ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਉਸਾਰੀ ਅਧੀਨ ਇੱਕ 30 ਮੰਜ਼ਿਲਾ ਇਮਾਰਤ ਢਹਿ ਗਈ। ਇਸ ਸਾਈਟ ‘ਤੇ 400 ਲੋਕ ਕੰਮ ਕਰ ਰਹੇ ਸਨ। ਇਨ੍ਹਾਂ ਵਿੱਚੋਂ 110 ਲੋਕ ਮਲਬੇ ਹੇਠ ਦੱਬੇ ਹੋਏ ਹਨ।
ਇਨ੍ਹਾਂ 5 ਦੇਸ਼ਾਂ ਦੇ ਵੱਖ-ਵੱਖ ਖੇਤਰਾਂ ਦੇ ਸੈਂਕੜੇ ਲੋਕ ਭੂਚਾਲ ਦੌਰਾਨ ਡਰ ਦੇ ਮਾਰੇ ਘਰਾਂ ਅਤੇ ਦਫਤਰਾਂ ਤੋਂ ਬਾਹਰ ਆ ਗਏ। ਭਾਰੀ ਤਬਾਹੀ ਕਾਰਨ ਥਾਈਲੈਂਡ ਦੇ ਪ੍ਰਧਾਨ ਮੰਤਰੀ ਪੈਟੋਂਗਟਾਰਨ ਸ਼ਿਨਾਵਾਤਰਾ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਇਸ ਭੂਚਾਲ ਕਾਰਨ ਲੋਕਾਂ ਦੇ ਜਾਨ ਗੁਆਉਣ ਦੀ ਸੰਭਾਵਨਾ ਨੂੰ ਲਾਲ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਇਸ ਸ਼੍ਰੇਣੀ ਵਿੱਚ 10 ਹਜ਼ਾਰ ਤੋਂ 1 ਲੱਖ ਲੋਕਾਂ ਦੀ ਜਾਨ ਗਈ ਹੋ ਸਕਦੀ ਹੈ, ਜਿਸ ਦੀ ਸੰਭਾਵਨਾ 34% ਹੈ, ਭਾਵ ਸਭ ਤੋਂ ਵੱਧ ਹੈ।
ਇਸਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਅਭਿਗਿਆ ਆਨੰਦ ਨਾਮ ਦੇ ਬੱਚੇ ਨੇ ਇਸ ਵੱਡੇ ਭੂਚਾਲ ਦੀ ਭਵਿੱਖਬਾਣੀ 3 ਹਫ਼ਤੇ ਪਹਿਲਾਂ ਕਰ ਦਿੱਤੀ ਸੀ। 1 ਮਾਰਚ ਨੂੰ ਅਭਿਗਿਆ ਦੇ ਯੂ-ਟਿਊਬ ਚੈਨਲ ‘ਤੇ ਅਪਲੋਡ ਕੀਤੇ ਗਏ ਇੱਕ ਵੀਡੀਓ ‘ਚ ਦਾਅਵਾ ਕੀਤਾ ਗਿਆ ਸੀ ਕਿ ਅਗਲੇ ਕੁਝ ਹਫਤਿਆਂ ‘ਚ ਜਾਂ ਇਸ ਸਾਲ ਦੇ ਮੱਧ ‘ਚ ਵੱਡਾ ਭੂਚਾਲ ਤਬਾਹੀ ਮਚਾਉਣ ਵਾਲਾ ਹੈ। ਦਰਅਸਲ ਅਭਿਗਿਆ 20 ਸਾਲਾਂ ਦਾ ਹੈ ਅਤੇ 11 ਸਾਲਾਂ ਤੋਂ ਜੋਤਿਸ਼ ਵਿਦਿਆ ਸਿੱਖ ਰਿਹਾ ਹੈ।
ਅਭਿਗਿਆ ਆਨੰਦ ਮੂਲ ਰੂਪ ਵਿੱਚ ਮੈਸੂਰ, ਕਰਨਾਟਕ ਦਾ ਰਹਿਣ ਵਾਲਾ ਹੈ। ਉਹ ਸਭ ਤੋਂ ਛੋਟੀ ਉਮਰ ਦਾ ਜੋਤਸ਼ੀ ਹੈ। ਉਸਨੇ ਸਿਰਫ 7 ਸਾਲ ਦੀ ਉਮਰ ਵਿੱਚ ਪੂਰਾ ਭਗਵਦ ਗੀਤਾ ਯਾਦ ਕਰ ਲਿਆ ਸੀ। ਅਭਿਗਿਆ ਨੇ ਛੋਟੀ ਉਮਰ ਤੋਂ ਹੀ ਸੰਸਕ੍ਰਿਤ ਸਿੱਖਣੀ ਸ਼ੁਰੂ ਕਰ ਦਿੱਤੀ ਸੀ, ਉਸਨੇ ਕਿਹਾ ਕਿ ਉਸਦੀ ਮਾਂ ਨੇ ਉਸਨੂੰ ਇਸ ਕੰਮ ਲਈ ਪ੍ਰੇਰਿਤ ਕੀਤਾ ਸੀ। ਅਭਿਗਿਆ ਇੱਕ ਵੀਡੀਓ ਚੈਨਲ ਚਲਾਉਂਦਾ ਹੈ, ਜਿਸ ਵਿੱਚ ਸੈਂਕੜੇ ਵੀਡੀਓਜ਼ ਅਪਲੋਡ ਹੁੰਦੇ ਹਨ, ਜਿਸ ਵਿੱਚ ਉਸਨੇ ਕਈ ਵੱਡੀਆਂ ਭਵਿੱਖਬਾਣੀਆਂ ਕੀਤੀਆਂ ਹਨ।