ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮਾਂ ਅਨੁਸਾਰ ਪੰਜਾਬ ਦੇ ਕੈਬਿਨਟ ਮੰਤਰੀ ਸ. ਹਰਜੋਤ ਸਿੰਘ ਬੈਂਸ ਪੰਜ ਸਿੰਘ ਸਾਹਿਬਾਨ ਦੇ ਅੱਗੇ ਪੇਸ਼ ਹੋਏ ਅਤੇ ਆਪਣਾ ਪੱਖ ਰੱਖਿਆ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਸਿੱਖ ਸਿਧਾਂਤਾਂ ਅਤੇ ਪੰਥਕ ਰਵਾਇਤਾਂ ਦੀ ਗੰਭੀਰ ਉਲੰਘਣਾ ਹੋਈ। ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੇ ਮੌਕੇ ’ਤੇ ਗੀਤ ਗਾਏ ਗਏ ਅਤੇ ਭੰਗੜੇ ਪਾਏ ਗਏ, ਜਿਸ ਨਾਲ ਸਿੱਖ ਸੰਗਤ ਦੇ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚੀ।
ਜਥੇਦਾਰ ਨੇ ਕਿਹਾ ਕਿ ਇਸ ਸਮਾਗਮ ਨੇ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉਡਾਈਆਂ, ਜਿਸ ਕਾਰਨ ਦੁਨੀਆਂ ਭਰ ਦੇ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤਾਂ ਭੇਜੀਆਂ। ਇਸ ਸਬੰਧ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਜਸਵੰਤ ਸਿੰਘ ਜਫਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸੱਦਿਆ ਗਿਆ ਸੀ। ਜਸਵੰਤ ਸਿੰਘ ਨੇ ਚਿੱਠੀ ਰਾਹੀਂ ਦੱਸਿਆ ਕਿ ਉਹ ਦੇਸ਼ ਵਿੱਚ ਨਹੀ ਹਨ ਅਤੇ 13 ਤਾਰੀਖ ਤੱਕ ਆਪਣਾ ਪੱਖ ਰੱਖਣਗੇ।
ਹਰਜੋਤ ਸਿੰਘ ਬੈਂਸ ਤਨਖ਼ਾਹੀਆ ਕਰਾਰ
- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ। ਜਥੇਦਾਰ ਨੇ ਹੁਕਮ ਦਿੱਤਾ ਕਿ ਮੰਤਰੀ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਪੈਦਲ ਜਾਣਾ ਹੋਵੇਗਾ ਅਤੇ ਉੱਥੇ ਜਾਣ ਵਾਲੀਆਂ ਸੜਕਾਂ ਨੂੰ ਠੀਕ ਕਰਵਾਉਣਾ ਹੋਵੇਗਾ।
- ਇਸ ਤੋਂ ਇਲਾਵਾ, ਉਹ ਗੁਰਦੁਆਰਾ ਕੋਠਾ ਸਾਹਿਬ ਅਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਵੀ ਜਾਣਗੇ ਅਤੇ ਉੱਥੋਂ ਦੇ ਰਾਹ ਵੀ ਠੀਕ ਕਰਵਾਉਣਗੇ।
- ਸਜ਼ਾ ਦੇ ਹਿੱਸੇ ਵਜੋਂ, ਉਹ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੋੜਿਆਂ ਅਤੇ ਭਾਂਡਿਆਂ ਦੀ ਸੇਵਾ ਕਰਨਗੇ। ਇਸ ਦੌਰਾਨ, 1100 ਜਪੁਜੀ ਸਾਹਿਬ ਦੇ ਪਾਠ ਕਰਕੇ ਮੁਆਫੀ ਦੀ ਅਰਦਾਸ ਕਰਨਗੇ।
- ਨਾਲ ਹੀ, 11 ਦਿਨ ਨੇੜਲੇ ਗੁਰਦੁਆਰਾ ਸਾਹਿਬ ਵਿੱਚ ਜੋੜਿਆਂ ਅਤੇ ਭਾਂਡਿਆਂ ਦੀ ਸੇਵਾ ਕਰਨ ਦਾ ਹੁਕਮ ਵੀ ਦਿੱਤਾ ਗਿਆ। ਸਜ਼ਾ ਪੂਰੀ ਹੋਣ ਤੋਂ ਬਾਅਦ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਪੇਸ਼ ਹੋ ਕੇ ਮੁਆਫੀ ਮੰਗਣਗੇ।
ਹਰਜੋਤ ਸਿੰਘ ਬੈਂਸ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਸਮਾਗਮ ਨੂੰ ਨਹੀਂ ਰੋਕਿਆ ਅਤੇ ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਮੰਗੀ। ਉਨ੍ਹਾਂ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ। ਇਸੇ ਦੌਰਾਨ ਸਿੰਘ ਸਾਹਿਬਾਨ ਵਲੋਂ ਪੰਜਾਬ ਸਰਕਾਰ ਨੂੰ ਵੀ ਆਦੇਸ਼ ਕੀਤਾ ਗਿਆ ਕਿ ਉਹ ਸ਼ਤਾਬਦੀਆਂ ਸੰਬੰਧੀ ਸੈਮੀਨਾਰ, ਭਾਸ਼ਣ ਗੋਸ਼ਟੀਆਂ ਕਰਵਾਏ ਪਰ ਨਗਰ ਕੀਰਤਨ ਸਜਾਉਣੇ ਸਿੱਖ ਸੰਸਥਾਵਾਂ ਦਾ ਕਾਰਜ ਹੈ ਤੇ ਉਹ ਸ਼ਤਾਬਦੀ ਸਮਾਗਮਾਂ ਮੌਕੇ ਮਰਿਆਦਾ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਸਹਿਯੋਗ ਪ੍ਰਾਪਤ ਕਰੇ।
ਇਸੇ ਤਰ੍ਹਾਂ, ਜੰਮੂ-ਕਸ਼ਮੀਰ ਤੋਂ ਆਏ ਤਿੰਨ ਸਿੱਖਾਂ ਨੇ ਵੀ ਸਾਬਕਾ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਦਾ ਕੀਰਤਨ ਸਮਾਗਮ ਕਰਵਾਉਣ ਸਬੰਧੀ ਆਪਣੀ ਭੁੱਲ ਸਵੀਕਾਰ ਕੀਤੀ। ਸਿੰਘ ਸਾਹਿਬਾਨ ਜਲਦੀ ਹੀ ਇਨ੍ਹਾਂ ਮਾਮਲਿਆਂ ਬਾਰੇ ਅੰਤਿਮ ਫੈਸਲਾ ਸੁਣਾਉਣਗੇ।
ਇਹ ਮਾਮਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀਨਗਰ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਇੱਕ ਸਮਾਗਮ ਨਾਲ ਸਬੰਧਤ ਹੈ।