Punjab

ਕਿਸਾਨਾਂ ‘ਤੇ ਪਈ ਅਧਿਕਾਰੀਆਂ ਦੀ ਲਾਪਰਵਾਹੀ ਦੀ ਮਾਰ, ਹੋਇਆ ਕਾਫੀ ਨੁਕਸਾਨ

ਪੰਜਾਬ ਵਿੱਚ ਝੋਨੇ ਦੀ ਸੀਜਨ ਦੌਰਾਨ ਕਿਸਾਨ ਜਿੱਥੇ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਿਠੜੀ ਬੁੱਧਗਿਰ ਵਿੱਚ ਇਕ ਕੱਸੀ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ 400 ਏਕੜ ਦੇ ਕਰੀਬ ਫਸਲ ਖਰਾਬ ਹੋ ਗਈ ਹੈ। ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਕੱਸੀ ਦੀ ਸਫਾਈ ਹੋਣੀ ਚਾਹੀਦੀ ਹੈ। ਇਸ ਸਬੰਧੀ ਸਾਡੇ ਵੱਲੋਂ ਮੁੱਖ ਮੰਤਰੀ ਭਗਵੰਤ ਸਮੇਤ ਕਈ ਹੋਰ ਅਧਿਕਾਰੀਆਂ ਨੂੰ ਈ ਮੇਲਾਂ ਪਾ ਕੇ ਵੀ ਇਸ ਨੂੰ ਸਾਫ ਕਰਵਾਉਣ ਦੀ ਮੰਗ ਕੀਤੀ ਗਈ ਸੀ। ਉਸ ਦੇ ਬਾਵਜੂਦ ਸਰਕਾਰ ਵੱਲੋਂ ਇਸ ਦੀ ਕੋਈ ਸਫਾਈ ਨਹੀਂ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਤਿੰਨ ਸਾਲ ਪਹਿਲਾਂ ਵੀ ਇਹ ਕੱਸੀ ਟੁੱਟ ਗਈ ਸੀ, ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਇਹ ਸਿੱਧੀ-ਸਿੱਧੀ ਅਧਿਕਾਰੀਆਂ ਦੀ ਲਾਪਰਵਾਹੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਸਰਕਾਰ ਨੂੰ ਸੂਚਨਾ ਦਿੱਤੀ ਗਈ ਹੈ ਪਰ ਸਰਕਾਰ ਜਾ ਕਿਸੇ ਵੀ ਅਧਿਕਾਰੀ ਨੇ ਕੋਈ ਜਵਾਬ ਨਹੀਂ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਹੁਣ ਕਈ ਅਧਿਕਾਰੀ ਮੌਕਾ ਦੇਖਣ ਲਈ ਆਏ ਹੋਏ ਹਨ ਪਰ ਪਹਿਲਾਂ ਇਨ੍ਹਾਂ ਵਿੱਚੋਂ ਕਿਸੇ ਨੇ ਕੋਈ ਸਾਰ ਨਹੀਂ ਲਈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਿੰਨ ਸਾਲ ਪਹਿਲਾਂ ਟੁੱਟੀ ਕੱਸੀ ਦੀ ਹਾਲੇ ਤੱਕ ਕੋਈ ਮੁਰੰਮਤ ਨਹੀਂ ਹੋਈ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਸ ਦੀ ਸਫਾਈ ਕਰਵਾ ਕੇ ਇਸ ਨੂੰ ਪੱਕਾ ਕਰਵਾਇਆ ਜਾਵੇ।

ਇਹ ਵੀ ਪੜ੍ਹੋ  –  ਮੁੱਖ ਮੰਤਰੀ ਨੇ ਕਾਂਗਰਸੀ ਉਮੀਦਵਾਰ ਬਾਰੇ ਕਹਿ ਵੱਡੀ ਗੱਲ, ਕੱਸਿਆ ਤੰਜ