Punjab

ਸਿੱਧੂ ‘ਤੇ ਦੋਹਾਂ ਹੱਥਾਂ ਨਾਲ ਗੋਲੀਆਂ ਚਲਾਉਣ ਵਾਲਾ ਹੁਣ ਕਰੇਗਾ ਸਾਹਮਣਾ ਪੰਜਾਬ ਪੁਲਿਸ ਦਾ

ਖਾਲਸ ਬਿਊਰੋ:ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਗਏ ਅੰਕਿਤ ਸੇਰਸਾ ਅਤੇ ਸਚਿਨ ਭਿਵਾਨੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਵੱਲੋਂ ਦੋਵਾਂ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਹੁਣ 23 ਜੁਲਾਈ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਇਹਨਾਂ ਦਾ ਮਾਨਸਾ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਸਿੱਧੂ ਕਤਲਕਾਂਡ ਵਿੱਚ ਸ਼ਾਮਿਲ ਸਭ ਤੋਂ ਘੱਟ ਉਮਰ ਦੇ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਭਿਵਾਨੀ ਦਾ ਪੰਜਾਬ ਪੁਲਿਸ ਨੇ ਪਟਿਆਲਾ ਕੋਰਟ ਤੋਂ ਇੱਕ ਦਿਨ ਦਾ ਟਰਾਂਜ਼ਿਟ ਰਿਮਾਂਡ ਲਿਆ ਸੀ ਤੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹਨਾਂ ਦਾ ਮੈਡੀਕਲ ਹੋਇਆ ਤੇ ਦੇਰ ਸ਼ਾਮ ਇਹਨਾਂ ਨੂੰ ਪੰਜਾਬ ਲਿਆਂਦਾ ਗਿਆ। ਕਿਉਂਕਿ ਅਦਾਲਤ ਨੇ ਮੁਲਜ਼ਮਾਂ ਦੀ ਸੁਰੱਖਿਆ ਲਈ ਪੰਜਾਬ ਪੁਲੀਸ ਨੂੰ ਸਖ਼ਤ ਨਿਰਦੇਸ਼ ਦਿੱਤੇ ਸਨ,ਇਸ ਲਈ ਪੰਜਾਬ ਪੁਲਿਸ ਨੇ ਭਾਰੀ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਹੋਏ ਸਨ।

ਅੰਕਿਤ ਸਾਰੇ 6 ਸ਼ੂਟਰਾਂ ਵਿੱਚੋਂ ਸਭ ਤੋਂ ਘੱਟ ਉਮਰ ਦਾ ਸ਼ੂਟਰ ਹੈ, ਜਿਸ ‘ਤੇ ਇਲਜ਼ਾਮ ਹੈ ਕਿ ਉਸ ਨੇ ਸਿੱਧੂ ‘ਤੇ ਦੋਵਾਂ ਹੱਥਾਂ ਨਾਲ ਗੋਲੀਆਂ ਚਲਾਈਆਂ ਸਨ।ਪ੍ਰਿਅਵਰਤ ਫੌਜੀ ਦੇ ਕਰੀਬੀ ਅੰਕਿਤ ਨੂੰ ਕੁਝ ਦਿਨ ਪਹਿਲਾਂ ਪ੍ਰਿਅਵਰਤ ਵੱਲੋਂ ਦਿੱਤੀ ਗਈ ਸੂਚਨਾ ‘ਤੇ ਆਧਾਰ ‘ਤੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੇਰਸਾ ਦੇ ਨਾਲ-ਨਾਲ ਸਚਿਨ ਭਿਵਾਨੀ ਨੂੰ ਵੀ ਗ੍ਰਿਫਤਾਰ ਕੀਤਾ ਸੀ, ਜਿਸ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਸ ਨੇ ਮੂਸੇਵਾਲਾ ਦੀ ਹੱਤਿਆ ਵਿੱਚ ਸ਼ਾਮਲ ਚਾਰ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ। ਪੁਲਿਸ ਅਨੁਸਾਰ ਇਹ ਦੋਵੇਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦਾ ਹਿੱਸਾ ਹਨ।