The Khalas Tv Blog Punjab ਨਾਭਾ ਕਾਂਡ ਦੇ ਦੋਸ਼ੀਆਂ ਨੂੰ ਸੁਣਾਈ ਅਦਾਲਤ ਨੇ ਸਖ਼ਤ ਸਜ਼ਾ,ਕਰੀਬ 6 ਸਾਲ ਪਹਿਲਾਂ ਦਿੱਤਾ ਸੀ ਵਾਰਦਾਤ ਨੂੰ ਅੰਜਾਮ
Punjab

ਨਾਭਾ ਕਾਂਡ ਦੇ ਦੋਸ਼ੀਆਂ ਨੂੰ ਸੁਣਾਈ ਅਦਾਲਤ ਨੇ ਸਖ਼ਤ ਸਜ਼ਾ,ਕਰੀਬ 6 ਸਾਲ ਪਹਿਲਾਂ ਦਿੱਤਾ ਸੀ ਵਾਰਦਾਤ ਨੂੰ ਅੰਜਾਮ

ਨਾਭਾ : ਪਟਿਆਲਾ ਜਿਲ੍ਹੇ ਵਿੱਚ ਸਥਿਤ ਨਾਭਾ ਜੇਲ੍ਹ ਬ੍ਰੇਕ ਘਟਨਾ ਵਿੱਚ ਦੋਸ਼ੀ ਠਹਿਰਾਏ ਗਏ 22 ਮੁਲਜ਼ਮਾਂ ਨੂੰ ਅਦਾਲਤ ਨੇ 10 ਸਾਲ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਬਹਿਸ ਪੂਰੀ ਹੋ ਜਾਣ ਤੋਂ ਬਾਅਦ ਕੱਲ ਅਦਾਲਤ ਨੇ 6 ਮੁਲਜ਼ਮਾਂ ਨੂੰ ਨਿਰਦੋਸ਼ ਮੰਨਦੇ ਹੋਏ ਰਿਹਾਅ ਕਰ ਦਿੱਤਾ ਸੀ ਤੇ ਬਾਕਿ 22 ਜਣਿਆਂ ਨੂੰ ਸਜ਼ਾ ਸੁਣਾਉਣ ਲਈ ਅੱਜ ਦਾ ਦਿਨ ਤੈਅ ਕੀਤਾ ਸੀ। ਸਜ਼ਾ ਪਾਉਣ ਵਾਲੇ ਇਹਨਾਂ 22 ਦੋਸ਼ੀਆਂ ਵਿਚ ਦਰਜਨ ਤੋਂ ਵੱਧ ਗੈਂਗਸਟਰ ਹਨ। ਪੁਲੀਸ ਨੇ ਇਸ ਮਾਮਲੇ ਵਿੱਚ 34 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।

ਜ਼ਿਕਰਯੋਗ ਹੈ ਕਿ ਸੰਨ 2016 ਵਿੱਚ ਪੁਲਿਸ ਦੀ ਵਰਦੀ ‘ਚ ਆਏ ਗੈਂਗਸਟਰਾਂ ਵੱਲੋਂ ਗਾਰਡਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਤੇ ਚਾਰ ਕਥਿਤ ਗੈਂਗਸਟਰਾਂ ਅਤੇ ਦੋ ਹੋਰ ਕੈਦੀਆਂ ਨੂੰ ਲੈ ਕੇ ਫ਼ਰਾਰ ਹੋ ਗਏ ।

ਨਾਭਾ ਜੇਲ੍ਹ ਬ੍ਰੇਕ ਕਾਂਡ ਦੀਆਂ ਤਾਰਾਂ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਹਾਂਗਕਾਂਗ ਨਾਲ ਵੀ ਜੁੜੀਆਂ ਸਨ। ਇਸ ਸਾਰੇ ਘਟਨਾਕ੍ਰਮ ਦਾ  ਮਾਸਟਰ ਮਾਇੰਡ ਗੈਂਗਸਟਰ ਰਮਨਦੀਪ ਸਿੰਘ ਰੋਮੀ ਨੂੰ ਮੰਨਿਆ ਗਿਆ ਸੀ,ਜੋ ਕਿ ਹਾਂਗਕਾਂਗ ਵਿੱਚ ਰਹਿ ਰਿਹਾ ਸੀ। ਉਸ ‘ਤੇ ਇਲਜ਼ਾਮ ਸਨ ਕਿ ਉਸ ਨੇ ਹੀ ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਭੱਜੇ ਮੁਲਜ਼ਮਾਂ ਦੀ ਪੈਸਾ ਦੇ ਕੇ ਮਦਦ ਕੀਤੀ ਸੀ। ਇਸ ਤੋਂ ਇਲਾਵਾ ਰੋਮੀ ਨੇ ਹੀ ਹਾਂਗਕਾਂਗ ਬੈਠ ਕੇ ਹੀ ਪੂਰੀ ਸਾਜਿਸ਼ ਨੂੰ ਅੰਜਾਮ ਦਿੱਤਾ ਸੀ।

ਇਸ ਵਿੱਚ ਜ਼ਿਆਦਾਤਰ ਕੈਦੀਆਂ ਨੂੰ ਫੜ ਲਿਆ ਗਿਆ ਸੀ,ਜਦੋਂ ਕਿ ਫੜੇ ਗਏ ਇੱਕ ਕੈਦੀ ਹਰਮਿੰਦਰ ਸਿੰਘ ਮਿੰਟੂ ਦੀ ਬਾਅਦ ਵਿੱਚੋਂ ਮੌਤ ਹੋ ਗਈ ਸੀ। ਜੇਲ੍ਹ ਬ੍ਰੇਕ ਕਾਂਡ ਨੂੰ ਅੰਜਾਮ ਦੇਣ ਵਾਲਾ ਵਿੱਕੀ ਗੌਂਡਰ ਵੀ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਨਾਭਾ ਜੇਲ੍ਹ ਕਾਂਡ ਤੋਂ ਬਾਅਦ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਉੱਠੇ ਸਨ। ਖ਼ਤਰਨਾਕ ਗੈਂਗਸਟਰਾਂ ਅਤੇ ਪੁਲਿਸ ਮੁਲਾਜ਼ਮਾਂ ਦੀ ਮਿਲੀਭੁਗਤ ਵੀ ਸਾਹਮਣੇ ਆਈ ਸੀ ਤੇ ਉਹਨਾਂ ਖਿਲਾਫ਼ ਵੀ ਕਾਰਵਾਈ ਹੋਈ ਸੀ ।

Exit mobile version