ਦੁਨੀਆ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਜਾਰੀ ਹੋਈ ਹੈ। ਹੈਨਲੇ ਪਾਸਪੋਰਟ ਇੰਡੈਕਸ 2024 ਮੁਤਾਬਕ ਇਸ ਵਾਰ ਇਕ ਜਾਂ ਦੋ ਨਹੀਂ ਸਗੋਂ ਛੇ ਦੇਸ਼ ਪਹਿਲੇ ਨੰਬਰ ‘ਤੇ ਹਨ। ਭਾਵ ਇਨ੍ਹਾਂ ਛੇ ਦੇਸ਼ਾਂ ਦੇ ਪਾਸਪੋਰਟ ਸਭ ਤੋਂ ਸ਼ਕਤੀਸ਼ਾਲੀ ਹਨ। ਇਹ ਪਾਸਪੋਰਟ ਆਪਣੇ ਨਾਗਰਿਕਾਂ ਨੂੰ ਦੁਨੀਆ ਦੇ 227 ਸਥਾਨਾਂ ਵਿੱਚੋਂ 194 ਵਿੱਚ ਵੀਜ਼ਾ-ਮੁਕਤ ਦਾਖਲਾ ਪ੍ਰਦਾਨ ਕਰਦਾ ਹੈ। ਪਹਿਲੇ ਨੰਬਰ ਉੱਤੇ ਆਉਣ ਵਾਲੇ ਛੇ ਦੇਸ਼ਾਂ ਵਿੱਚ ਯੂਰਪ ਦੇ ਫਰਾਂਸ, ਜਰਮਨੀ, ਇਟਲੀ ਅਤੇ ਸਪੇਨ ਸ਼ਾਮਲ ਹਨ। ਇਸ ਦੇ ਨਾਲ ਹੀ ਲਗਾਤਾਰ ਪੰਜ ਸਾਲਾਂ ਤੋਂ ਇਹ ਸਥਾਨ ਹਾਸਕਰ ਕਰਨ ਵਾਲੇ ਏਸ਼ੀਆਈ ਦੇਸ਼ ਜਾਪਾਨ ਅਤੇ ਸਿੰਗਾਪੁਰ ਇਕ ਵਾਰ ਫਿਰ ਨੰਬਰ-1 ‘ਤੇ ਹਨ।
ਸੂਚੀ ਵਿਚ ਦੂਜੇ-ਤੀਜੇ ਨੰਬਰ ‘ਤੇ ਆਉਣ ਵਾਲੇ ਦੇਸ਼
ਹੈਨਲੇ ਪਾਸਪੋਰਟ ਇੰਡੈਕਸ ਦੇ ਟਾਪ-10 ‘ਚ ਯੂਰਪੀ ਦੇਸ਼ਾਂ ਨੇ ਮੱਲ ਮਾਰੀ ਹੈ। ਸੂਚੀ ਵਿਚ ਦੂਜੇ ਨੰਬਰ ‘ਤੇ ਫਿਨਲੈਂਡ ਅਤੇ ਸਵੀਡਨ ਦੇ ਨਾਲ ਦੱਖਣੀ ਕੋਰੀਆ ਹਨ, ਜਿਨ੍ਹਾਂ ਦੇ ਪਾਸਪੋਰਟ 193 ਸਥਾਨਾਂ ‘ਤੇ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ ਦਿੰਦੇ ਹਨ। ਇਸ ਦੇ ਨਾਲ ਹੀ ਤੀਜੇ ਸਥਾਨ ‘ਤੇ ਆਸਟਰੀਆ, ਡੈਨਮਾਰਕ, ਆਇਰਲੈਂਡ ਅਤੇ ਨੀਦਰਲੈਂਡ ਹਨ, ਜਿਨ੍ਹਾਂ ਦੇ ਪਾਸਪੋਰਟ ‘ਤੇ ਨਾਗਰਿਕ 192 ਸਥਾਨਾਂ ‘ਤੇ ਵੀਜ਼ਾ-ਮੁਕਤ ਐਂਟਰੀ ਲੈ ਸਕਦੇ ਹਨ। ਬ੍ਰਿਟੇਨ ਨੇ 191 ਥਾਵਾਂ ‘ਤੇ ਵੀਜ਼ਾ-ਮੁਕਤ ਪਹੁੰਚ ਨਾਲ ਚੌਥਾ ਸਥਾਨ ਹਾਸਲ ਕੀਤਾ ਹੈ। ਉਹ ਪਿਛਲੇ ਸਾਲ ਛੇਵੇਂ ਸਥਾਨ ‘ਤੇ ਸੀ।
ਭਾਰਤ 80ਵੇਂ ਸਥਾਨ ‘ਤੇ ਰਿਹਾ
ਇਸ ਸੂਚੀ ‘ਚ ਭਾਰਤ ਨੂੰ 80ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਭਾਰਤੀ ਇਸ ਸਮੇਂ ਆਪਣੇ ਪਾਸਪੋਰਟ ਰਾਹੀਂ 62 ਥਾਵਾਂ ‘ਤੇ ਬਿਨਾਂ ਵੀਜ਼ਾ ਦੇ ਜਾ ਸਕਦੇ ਹਨ। ਇਨ੍ਹਾਂ ਵਿੱਚ ਥਾਈਲੈਂਡ, ਇੰਡੋਨੇਸ਼ੀਆ, ਮਾਰੀਸ਼ਸ, ਸ਼੍ਰੀਲੰਕਾ ਅਤੇ ਮਾਲਦੀਵ ਸ਼ਾਮਲ ਹਨ। ਦੂਜੇ ਪਾਸੇ ਜੇਕਰ ਭਾਰਤ ਦੇ ਗੁਆਂਢੀ ਮੁਲਕਾਂ ਦੀ ਗੱਲ ਕਰੀਏ ਤਾਂ ਚੀਨ ਨੂੰ ਵੀਜ਼ਾ-ਮੁਕਤ ਦਾਖ਼ਲੇ ਲਈ 85 ਥਾਵਾਂ ਵਿੱਚੋਂ 62ਵੇਂ ਸਥਾਨ ’ਤੇ ਰੱਖਿਆ ਗਿਆ
ਹੈ।
ਕਮਜ਼ੋਰ ਪਾਸਪੋਰਟਾਂ ਵਿੱਚ ਅਫਗਾਨਿਸਤਾਨ ਸਭ ਤੋਂ ਉੱਪਰ
ਇਸ ਦੇ ਨਾਲ ਹੀ ਜੇਕਰ ਸਭ ਤੋਂ ਕਮਜ਼ੋਰ ਪਾਸਪੋਰਟ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਸਭ ਤੋਂ ਉੱਪਰ ਹੈ। ਹਾਲਾਂਕਿ ਪਾਕਿਸਤਾਨ ਦਾ ਪਾਸਪੋਰਟ ਵੀ ਸਭ ਤੋਂ ਕਮਜ਼ੋਰਾਂ ਦੀ ਸੂਚੀ ‘ਚ ਚੌਥੇ ਨੰਬਰ ‘ਤੇ ਹੈ। ਯੁੱਧ ਪ੍ਰਭਾਵਿਤ ਸੀਰੀਆ ਅਤੇ ਇਰਾਕ ਦੇ ਪਾਸਪੋਰਟ ਇਸ ਸੂਚੀ ਵਿਚ ਦੂਜੇ ਅਤੇ ਤੀਜੇ ਸਥਾਨ ‘ਤੇ ਹਨ। ਸਭ ਤੋਂ ਕਮਜ਼ੋਰ ਪਾਸਪੋਰਟਾਂ ਵਿਚ ਪਾਕਿਸਤਾਨ ਦੀ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਦੇ ਪਾਸਪੋਰਟ ਦੀ ਹਾਲਤ ਯੁੱਧ ਪ੍ਰਭਾਵਿਤ ਯਮਨ ਅਤੇ ਸੋਮਾਲੀਆ ਤੋਂ ਵੀ ਮਾੜੀ ਹੈ। ਇਸ ਤੋਂ ਇਲਾਵਾ ਨੇਪਾਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਪਾਸਪੋਰਟਾਂ ਨੂੰ ਵੀ ਕਮਜ਼ੋਰ ਪਾਸਪੋਰਟਾਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ।