‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਹੰਗ ਬਾਬਾ ਅਮਨ ਸਿੰਘ ਨੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਪਣੀ ਗ੍ਰਿਫਤਾਰੀ ਦੇਣ ਦਾ ਫੈਸਲਾ ਕੀਤਾ ਹੈ ਪਰ ਇਸਦੇ ਨਾਲ ਹੀ ਉਨ੍ਹਾਂ ਨੇ ਇੱਕ ਸ਼ਰਤ ਰੱਖੀ ਹੈ ਕਿ ਭਾਵੇਂ ਗੀਤਾ, ਕੁਰਾਨ, ਬਾਈਬਲ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਭਾਵ ਜੇਕਰ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬੇਅਦਬੀ ਕਰਦਾ ਹੈ ਤਾਂ ਉਸਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਅਤੇ ਸਰਕਾਰ ਤੋਂ ਸਾਨੂੰ ਇਹ ਫੈਸਲਾ ਲਿਖਤੀ ਰੂਪ ਵਿੱਚ ਚਾਹੀਦਾ ਹੈ। ਨਿਹੰਗ ਸਿੰਘਾਂ ਨੇ ਕਿਹਾ ਕਿ ਅਸੀਂ ਕਿਸਾਨੀ ਅੰਦੋਲਨ ਕਰਕੇ ਫੈਸਲਾ ਲਿਆ ਹੈ ਤਾਂ ਜੋ ਕਿਸਾਨ ਮੋਰਚਾ ਖਰਾਬ ਨਾ ਹੋਵੇ ਪਰ ਹੁਣ ਸਾਡੇ ਲਈ ਧਰਮ ਕਿਸਾਨੀ ਅੰਦੋਲਨ ਤੋਂ ਪਹਿਲਾਂ ਹੈ ਅਤੇ ਜਦੋਂ ਤੱਕ ਸਾਨੂੰ ਸਰਕਾਰ ਤੋਂ ਲਿਖਤੀ ਰੂਪ ਵਿੱਚ ਇਹ ਫੈਸਲਾ ਨਹੀਂ ਮਿਲ ਜਾਂਦਾ, ਉਦੋਂ ਤੱਕ ਅਸੀਂ (ਨਿਹੰਗ ਅਮਨ ਸਿੰਘ) ਗ੍ਰਿਫਤਾਰੀ ਨਹੀਂ ਦੇਵਾਂਗੇ।
ਨਿਹੰਗ ਅਮਨ ਸਿੰਘ ਨੇ ਕਿਹਾ ਸਰਕਾਰ ਗੁਰਬਾਣੀ ਅਨੁਸਾਰ ਪੰਜਾਂ ਪਿਆਰਿਆਂ ਦੇ ਨਾਂ ਮਤਾ ਪਾਏ ਕਿ ਨਿਹੰਗ ਸਿੰਘ ਜਥੇਬੰਦੀਆਂ ਦੋਸ਼ੀ ਨੂੰ ਆਪਣੇ ਹਿਸਾਬ ਨਾਲ ਸਜ਼ਾ ਦੇਣਗੀਆਂ ਅਤੇ ਬਾਅਦ ਵਿੱਚ ਸਰਕਾਰ ਵਿੱਚ ਦਖਲ-ਅੰਦਾਜ਼ੀ ਨਾ ਕਰਨ ਅਤੇ ਨਾ ਕੋਈ ਨਿਹੰਗ ਸਿੰਘਾਂ ‘ਤੇ ਸਵਾਲ ਖੜੇ ਕਰਨ। ਨਿਹੰਗ ਅਮਨ ਸਿੰਘ ਨੇ ਕਿਹਾ ਕਿ ਲਖਬੀਰ ਸਿੰਘ ਦਾ ਕ ਤਲ ਨਹੀਂ ਹੋਇਆ, ਉਸਨੂੰ ਸੋਧਾ ਲਾਇਆ ਗਿਆ ਹੈ। ਅਸੀਂ ਸਰਕਾਰ ਨੂੰ ਸਾਰਾ ਕੁੱਝ ਸਪੱਸ਼ਟ ਵੀ ਕਰ ਚੁੱਕੇ ਹਾਂ ਅਤੇ ਆਪਣੇ ਸਿੰਘਾਂ ਦੀ ਗ੍ਰਿਫਤਾਰੀ ਵੀ ਦੇ ਚੁੱਕੇ ਹਾਂ ਪਰ ਫਿਰ ਵੀ ਸਰਕਾਰ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕਰ ਰਹੀ। ਸਾਡੇ ਕੋਲ ਜਿੰਨੇ ਸਿੰਘ ਹਨ, ਸਭ ਮਰਨ ਲਈ ਤਿਆਰ ਹਨ ਪਰ ਜੇ ਸਰਕਾਰ ਸਾਡੀ ਗੱਲ ਨਹੀਂ ਮੰਨੇਗੀ ਤਾਂ ਅਸੀਂ ਗ੍ਰਿਫਤਾਰੀ ਨਹੀਂ ਦੇਵਾਂਗੇ। ਜੇ ਸਰਕਾਰ ਨੇ ਸਾਨੂੰ ਅੰਦਰ ਜ਼ਬਰਦਸਤੀ ਕੈਦ ਕਰ ਹੀ ਦਿੱਤਾ ਤਾਂ ਅਸੀਂ ਅੰਦਰ ਬੈਠੇ ਕੈਦੀਆਂ ਨੂੰ ਸ਼ਸਤਰ ਵਿੱਦਿਆ ਸਿਖਾਵਾਂਗੇ।