‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲੇ ਕਈਆਂ ਦੀਆਂ ਸੱਧਰਾਂ ਅਧੂਰੀਆਂ ਰਹਿ ਗਈਆਂ ਹਨ। ਪੰਜਾਬ ਦੇ ਕੋਨੇ ਕੋਨੇ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਫੈਨ ਆਪਣੇ ਮਹਿਬੂਬ ਸਿੰਗਰ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਵਹੀਰਾਂ ਘੱਤ ਕੇ ਘਰੋਂ ਤਾਂ ਨਿਕਲੇ ਪਰ ਲੋਕਾਂ ਦੇ ਹੜ ਕਾਰਨ ਭੋਗ ਵਾਲੀ ਥਾਂ ਉੱਤੇ ਪਹੁੰਚ ਨਾ ਸਕੇ। ‘ਦ ਖ਼ਾਲਸ ਟੀਵੀ ਦੀ ਟੀਮ ਨੇ ਦੇਖਿਆ ਕਿ ਭੋਗ ਵਾਲੀ ਥਾਂ ਤੋਂ ਚਾਰੇ ਪਾਸੇ ਸੱਤ ਤੋਂ ਅੱਠ ਕਿਲੋਮੀਟਰ ਤੱਕ ਦਾ ਜਾਮ ਲੱਗਾ ਹੋਇਆ ਸੀ।
ਵਾਹਨਾਂ ਦੀਆਂ ਕਤਾਰਾਂ ਇਸ ਕਦਰ ਲੰਮੀਆਂ ਲੱਗ ਗਈਆਂ ਕਿ ਉਹ ਨਾ ਤਾਂ ਭੋਗ ਵਾਲੀ ਥਾਂ ਤੱਕ ਅਤੇ ਨਾ ਹੀ ਪਿੱਛੇ ਨੂੰ ਮੁੜਨਾ ਸੰਭਵ ਰਿਹਾ ਹੈ। ਪੁਲਿਸ ਦੇ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਬੰਦੋਬਸਤ ਕਰਨੇ ਪੈ ਗਏ ਪਰ ਬਾਅਦ ਵਿੱਚ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਮਿਹਨਤ ਕਰਦਿਆਂ ਹੌਲੀ-ਹੌਲੀ ਜਾਮ ਖੋਲ੍ਹਿਆ। ਉਂਝ, ਪੁਲਿਸ ਬੀਤੀ ਰਾਤ ਤੋਂ ਹੀ ਪਾਰਕਿੰਗ ਅਤੇ ਸੁਰੱਖਿਆ ਦੇ ਬੰਦੋਬਸਤਾਂ ਨੂੰ ਲੈ ਕੇ ਭੋਗ ਵਾਲੇ ਥਾਂ ਉੱਤੇ ਡਟੀ ਹੋਈ ਸੀ। ਪਰਿਵਾਰ ਨੂੰ ਇੱਕ ਲੱਖ ਲੋਕਾਂ ਦੇ ਭੋਗ ਉੱਤੇ ਪਹੁੰਚਣ ਦਾ ਅੰਦਾਜ਼ਾ ਸੀ ਪਰ ਸਾਡੀ ਟੀਮ ਦਾ ਅੰਦਾਜ਼ਾ ਇਸ ਤੋਂ ਵੀ ਅੱਗੇ ਹੈ।
ਅੱਜ ਦੇ ਸਮਾਗਮ ਤੋਂ ਸਿਆਸੀ ਲੀਡਰ ਮੁੜ ਦੂਰ ਰਹੇ ਹਨ ਜਿਸ ਕਰਕੇ ਵਾਹਨਾਂ ਦਾ ਜਮਖੜਾ ਘੱਟ ਰਿਹਾ। ਪਿੰਡ ਮੂਸਾ ਦੇ ਸਮੁੱਚੇ ਪਰਿਵਾਰਾਂ ਨੇ ਵੀ ਭੋਗ ਵਿੱਚ ਸ਼ਮੂਲੀਅਤ ਕੀਤੀ। ਆਸ ਪਾਸ ਦੇ ਪਿੰਡਾਂ ਦੇ ਲੋਕ ਵੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਆਏ ਹੋਏ ਸਨ। ਇਸ ਮੌਕੇ ਆਮ ਟ੍ਰੈਫਿਕ ਵਿੱਚ ਵਿਘਨ ਪਿਆ ਰਿਹਾ ਅਤੇ ਪੈਟਰੋਲ ਪੰਪਾਂ ਉੱਤੇ ਵੀ ਤੇਲ ਪਵਾਉਣ ਵਾਲਿਆਂ ਦੀਆਂ ਲੰਮੀਆਂ ਲਾਈਨਾਂ ਵੇਖੀਆਂ ਗਈਆਂ।