ਜਲੰਧਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਲੱਗੇ ਪੋਸਟਰਾਂ ਦੇ ਮਸਲੇ ਉੱਤੇ ਭਾਜਪਾ ਆਗੂ ਤਰੁਣ ਚੁੱਘ ਨੇ ਰਾਜਪਾਲ ਅਤੇ ਚੋਣ ਕਮਿਸ਼ਨਰ ਨੂੰ ਇੱਕ ਪੱਤਰ ਲਿਖਿਆ ਹੈ। ਤਰੁਣ ਚੁੱਘ ਨੇ ਇਸ ਚਿੱਠੀ ਰਾਹੀਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਤਰੁਣ ਚੁੱਘ ਨੇ ਕਿਹਾ ਕਿ ਈਟੀਓ ਜਲੰਧਰ ਵਿੱਚ ਜਾ ਕੇ ਗੈਰ ਕਾਨੂੰਨੀ ਪੋਸਟਰ ਲਗਾ ਰਹੇ ਹਨ।
ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਲਿਖੇ ਪੱਤਰ ਵਿੱਚ ਤਰੁਣ ਚੁੱਘ ਨੇ ਲਿਖਿਆ ਹੈ ਕਿ ‘ਆਪ’ ਆਗੂ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੋ ਅਤੇ ਪਾਰਟੀ ਦੇ ਹੋਰ ਆਗੂਆਂ ਨੇ ਉਪ ਚੋਣ ਵਿੱਚ ‘ਮੋਦੀ ਹਟਾਓ ਦੇਸ਼ ਬਚਾਓ’ ਦੇ ਨਾਅਰੇ ਅਤੇ ਪੋਸਟਰ ਲਗਾ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਅੱਗੇ ਲਿਖਿਆ ਕਿ ਜਲੰਧਰ ਲੋਕ ਸਭਾ ਹਲਕੇ ਵਿਚ ਕਈ ਥਾਵਾਂ ‘ਤੇ ਅਜਿਹੇ ਪੋਸਟਰ ਲਗਾਏ ਗਏ ਹਨ ਅਤੇ ਹਰਭਜਨ ਸਿੰਘ ਈਟੋ ਵੀ ਪੋਸਟਰ ਲਗਾਉਂਦੇ ਹੋਏ ਕੈਮਰੇ ਵਿਚ ਕੈਦ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਪੋਸਟਰਾਂ ‘ਤੇ ਇਨ੍ਹਾਂ ਨੂੰ ਛਾਪਣ ਵਾਲੇ ਅਤੇ ਜਾਰੀ ਕਰਨ ਵਾਲੇ ਦਾ ਵੀ ਕੋਈ ਨਾਮ ਨਹੀਂ ਹੈ,ਜੋ ਕਿ MCC ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਰੂਰੀ ਹੈ। ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਨਿਯਮਾਂ ਅਨੁਸਾਰ ਕੋਈ ਵੀ ਵਿਅਕਤੀ ਬਿਨਾਂ ਨਾਮ ਅਤੇ ਪਤੇ ਤੋਂ ਚੋਣਾਂ ਨਾਲ ਸਬੰਧਤ ਪੋਸਟਰ ਨਹੀਂ ਛਾਪ ਸਕਦਾ। ਭਾਜਪਾ ਆਗੂ ਨੇ ਲਿਖਿਆ ਕਿ ਇਸ ਖੇਤਰ ਵਿੱਚ 10 ਮਈ 2023 ਨੂੰ ਚੋਣ ਹੈ ਅਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਕਾਰਨ ਨਿਰਪੱਖ ਚੋਣ ਪ੍ਰਕਿਰਿਆ ਵਿੱਚ ਰੁਕਾਵਟ ਆ ਸਕਦੀ ਹੈ। ਇਸ ਲਈ ਮੈਂ ਤੁਹਾਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬੇਨਤੀ ਕਰਦਾ ਹਾਂ।
ਦਰਅਸਲ, ਆਪ ਸਰਕਾਰ ਦੇ ਟਵਿੱਟਰ ਹੈਂਡਲ ਉੱਤੇ ਹਰਭਜਨ ਸਿੰਘ ਈਟੀਓ ਵੱਲੋਂ ਪੀਐੱਮ ਮੋਦੀ ਖਿਲਾਫ਼ ਲਗਾਏ ਜਾ ਰਹੇ ਪੋਸਟਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ। ਇਹ ਤਸਵੀਰਾਂ 30 ਮਾਰਚ 2023 ਨੂੰ ਸਾਂਝੀਆਂ ਕੀਤੀਆਂ ਗਈਆਂ ਸਨ।