ਪਟਿਆਲਾ : ਪਟਿਆਲਾ ਸ਼ਹਿਰ ਵਿੱਚ ਇੱਕ ਸੜਕ ਹਾਦਸੇ ਵਿੱਚ ਦੋ ਭਰਾਵਾਂ ਦੀ ਮੌਤ ਹੋ ਗਈ ਹੈ। ਜਦਕਿ ਹਾਦਸੇ ਵਿੱਚ ਬੁਰੀ ਤਰਾਂ ਜ਼ਖ਼ਮੀ ਵੱਡੇ ਭਰਾ ਦੀ ਪਤਨੀ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਸਾਰੇ ਕਾਰ ਵਿੱਚ ਸਵਾਰ ਸਨ ਅਤੇ ਗ਼ਲਤ ਸਾਈਡ ਤੋਂ ਆ ਰਹੀ ਕੰਬਾਈਨ ਦਾ ਸ਼ਿਕਾਰ ਹੋ ਗਏ। ਹਾਦਸੇ ਵਿੱਚ ਮੁਲਜ਼ਮ ਕੰਬਾਈਨ ਚਾਲਕ ਵੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਟਿਆਲਾ ਦੇ ਪਾਤੜਾਂ ਵਾਰਡ ਨੰ:9 ਦੀ ਧਾਨਕ ਬਸਤੀ ਦੇ ਘਰ, ਜਿੱਥੇ ਇੱਕ ਹਫ਼ਤਾ ਪਹਿਲਾਂ ਬੇਟੇ ਦਾ ਵਿਆਹ ਹੋਇਆ ਸੀ ਅਤੇ ਪਰਿਵਾਰ ਵਿੱਚ ਅੱਜ ਮਾਤਮ ਛਾ ਗਿਆ ਹੈ। ਧਾਨਕ ਬਸਤੀ ਪੱਤਣ ਦੇ ਵਾਸੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਇੱਕ ਹਫ਼ਤਾ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਮਾਸੀ ਪਟਿਆਲਾ ਵਿੱਚ ਬਿਮਾਰ ਚੱਲ ਰਹੀ ਹੈ। ਪਿਤਾ ਬਸੰਤ ਸਿੰਘ ਅਤੇ ਤਾਇਆ ਅਮਰਜੀਤ ਸਿੰਘ ਅਤੇ ਤਾਈ ਪਰਮਜੀਤ ਕੌਰ ਉਸ ਦੀ ਹਾਲਤ ਜਾਣਨ ਲਈ ਸਵਿਫ਼ਟ ਕਾਰ ਵਿੱਚ ਗਏ।
ਦੋਵੇਂ ਭਰਾ ਲੋਹੇ ਦੀ ਵਰਕਸ਼ਾਪ ਚਲਾਉਂਦੇ ਸਨ। ਉੱਥੋਂ ਵਾਪਸ ਆਉਂਦੇ ਸਮੇਂ ਪਟਿਆਲਾ-ਪੱਤਣ ਰੋਡ ‘ਤੇ ਪਿੰਡ ਨਿਆਲ ਨੇੜੇ ਉਨ੍ਹਾਂ ਦੀ ਕਾਰ ਗ਼ਲਤ ਸਾਈਡ ਤੋਂ ਆ ਰਹੀ ਕੰਬਾਈਨ ਨਾਲ ਟਕਰਾ ਗਈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕੰਬਾਈਨ ਵੀ ਸੜਕ ਦੇ ਵਿਚਕਾਰ ਹੀ ਪਲਟ ਗਈ।
ਹਾਦਸੇ ਵਿੱਚ ਉਸ ਦੇ ਚਾਚਾ ਅਮਰਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਕਾਰ ਚਲਾ ਰਹੇ ਬਸੰਤ ਸਿੰਘ ਅਤੇ ਪਰਮਜੀਤ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਉੱਥੇ ਇਲਾਜ ਦੌਰਾਨ ਬਸੰਤ ਸਿੰਘ ਦੀ ਵੀ ਮੌਤ ਹੋ ਗਈ, ਜਦਕਿ ਪਰਮਜੀਤ ਕੌਰ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਫ਼ਿਲਹਾਲ ਉਸ ਦਾ ਆਪ੍ਰੇਸ਼ਨ ਚੱਲ ਰਿਹਾ ਹੈ। ਹਾਦਸੇ ਵਿੱਚ ਕੰਬਾਈਨ ਚਾਲਕ ਵੀ ਜ਼ਖ਼ਮੀ ਹੋ ਗਿਆ ਹੈ, ਜਿਸ ਦੀ ਪਛਾਣ ਸ਼ਿਵਜੀ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਕੰਬਾਈਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇੱਕ ਹੋਰ ਹਾਦਸੇ ਵਿੱਚ ਨੌਜਵਾਨ ਪਤੀ-ਪਤਨੀ ਦੀ ਮੌਤ
ਦੂਜੇ ਮਾਮਲੇ ਵਿੱਚ ਥਾਣਾ ਸਦਰ ਪਟਿਆਲਾ ਅਧੀਨ ਪੈਂਦੇ ਪਿੰਡ ਪਹਾੜੀਪੁਰ ਨੇੜੇ ਇੱਕ ਸੜਕ ਹਾਦਸੇ ਵਿੱਚ ਨੌਜਵਾਨ ਪਤੀ-ਪਤਨੀ ਦੀ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਮੁਲਜ਼ਮ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪਿੰਡ ਅਰਨੋ ਦੇ ਰਹਿਣ ਵਾਲੇ ਗੁਰਅੰਮ੍ਰਿਤਪਾਲ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਸ ਦਾ ਚਚੇਰਾ ਭਰਾ ਗੁਰਬੇਜ ਸਿੰਘ ਆਪਣੀ ਪਤਨੀ ਬਲਵਿੰਦਰ ਕੌਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਪਹਾੜੀਪੁਰ ਨੇੜਿਓਂ ਲੰਘ ਰਿਹਾ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ
ਤੀਜੇ ਮਾਮਲੇ ਵਿੱਚ ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਧਰਮੇੜੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਹਰਿਆਣਾ ਵਾਸੀ ਇੱਕ ਬਜ਼ੁਰਗ ਦੀ ਮੌਤ ਹੋ ਗਈ। ਪੁੱਤਰ ਰਾਹੁਲ ਵੈਦ ਵਾਸੀ ਪਿੰਡ ਸਲੇਮਪੁਰ ਗਮਦੀ ਜ਼ਿਲ੍ਹਾ ਕੈਥਲ ਹਰਿਆਣਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦਾ ਪਿਤਾ ਕਰਮਵੀਰ ਵੈਦ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਡਰੋਲੀ ਗਿਆ ਹੋਇਆ ਸੀ। ਕੁਝ ਸਮੇਂ ਬਾਅਦ ਉਸ ਨੂੰ ਫ਼ੋਨ ਆਇਆ ਕਿ ਪਿੰਡ ਧਰਮੇੜੀ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਉਸ ਦੇ ਪਿਤਾ ਨੂੰ ਟੱਕਰ ਮਾਰ ਦਿੱਤੀ ਹੈ ਅਤੇ ਉਸ ਦੀ ਮੌਤ ਹੋ ਗਈ ਹੈ।
ਬਜ਼ੁਰਗ ਦੀ ਸੜਕ ਪਾਰ ਕਰਦੇ ਸਮੇਂ ਹਾਦਸੇ ਵਿੱਚ ਮੌਤ
ਚੌਥੇ ਮਾਮਲੇ ਵਿੱਚ ਨਿਰੰਕਾਰੀ ਭਵਨ ਗਏ ਇੱਕ ਬਜ਼ੁਰਗ ਦੀ ਸੜਕ ਪਾਰ ਕਰਦੇ ਸਮੇਂ ਹਾਦਸੇ ਵਿੱਚ ਮੌਤ ਹੋ ਗਈ। ਸੰਜੀਵ ਕੁਮਾਰ ਵਾਸੀ ਜ਼ਿਲ੍ਹਾ ਅਲਵਰ, ਰਾਜਸਥਾਨ ਵੱਲੋਂ ਥਾਣਾ ਸਿਟੀ ਸਮਾਣਾ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਸ ਦੇ ਚਾਚਾ ਜਮਾਂਦਾਰ ਸਿੰਘ ਨੂੰ ਸਮਾਣਾ ਦੇ ਪਟਿਆਲਾ ਰੋਡ ਸਥਿਤ ਨਿਰੰਕਾਰੀ ਭਵਨ ਦੇ ਬਾਹਰ ਸੜਕ ਪਾਰ ਕਰਦੇ ਸਮੇਂ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਸੜਕ ‘ਤੇ ਡਿੱਗ ਗਿਆ ਅਤੇ ਪਿੱਛੇ ਤੋਂ ਆ ਰਹੀ ਬੱਸ ਨੇ ਉਸ ਨੂੰ ਕੁਚਲ ਦਿੱਤਾ। ਹਾਦਸੇ ‘ਚ ਜਮਾਂਦਾਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਕਾਰ ਚਾਲਕ ਸਾਜਨ ਸਰਦਾਨਾ ਵਾਸੀ ਤ੍ਰਿਪੜੀ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।