‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਦੇ ਲੀਡਰ ਸੁਰਜੀਤ ਜਿਆਣੀ ਨੇ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੀ ਪੰਜਾਬ ਤੋਂ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਕਿਸਾਨ ਅੰਦੋਲਨ ਵਿੱਚ ਪਹੁੰਚਣ ਦੀ ਅਪੀਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਇਹ ਆਪਣੇ ਹਿੱਤਾਂ ਲਈ ਮਜ਼ਦੂਰਾਂ ਨੂੰ ਕਿਸਾਨ ਧਰਨੇ ਵਿੱਚ ਆਉਣ ਦੀ ਅਪੀਲ ਕਰ ਰਹੇ ਹਨ। ਲੰਗਰ ਲਾਉਣਾ ਤਾਂ ਚੰਗੀ ਗੱਲ ਹੈ ਪਰ ਇਹ ਕਿਸਾਨੀ ਅੰਦੋਲਨ ਵਿੱਚ ਇਕੱਠ ਦੀ ਕਮੀ ਨੂੰ ਪੂਰਾ ਕਰਨ ਲਈ ਮਜ਼ਦੂਰਾਂ ਨੂੰ ਆਪਣੇ ਧਰਨੇ ਵਿੱਚ ਬੁਲਾ ਰਹੇ ਹਨ। ਇਨ੍ਹਾਂ ਕੋਲ ਕਿਸਾਨ ਮਸਲਾ ਨਹੀਂ ਹੈ, ਇਨ੍ਹਾਂ ਕੋਲ ਰਾਜਨੀਤੀ ਆ ਗਈ ਹੈ। ਇਹ ਮੁੱਖ ਮੰਤਰੀ ਅਹੁਦੇ ਦੀ ਕੁਰਸੀ ਵੇਖ ਰਹੇ ਹਨ। ਸਾਡੀ ਸਰਕਾਰ ਕਿਸਾਨੀ ਮਸਲੇ ਦਾ ਹੱਲ ਕਰਨ ਲਈ ਤਿਆਰ ਬੈਠੀ ਹੈ’।
ਗੁਰਨਾਮ ਚੜੂਨੀ ਨੇ ਸੁਰਜੀਤ ਜਿਆਣੀ ਨੂੰ ਜਵਾਬ ਦਿੰਦਿਆਂ ਕਿਹਾ ਕਿ ‘ਇਨ੍ਹਾਂ ਨੂੰ ਵਹਿਮ ਹੈ ਕਿ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਦੇ ਇਕੱਠ ਦੀ ਕਮੀ ਹੋ ਰਹੀ ਹੈ। ਸਾਡੇ ਕੋਲ ਬਹੁਤ ਸਾਰੇ ਕਿਸਾਨ ਦਿੱਲੀ ਮੋਰਚੇ ‘ਚ ਪਹੁੰਚ ਰਹੇ ਹਨ। ਬੀਜੇਪੀ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਚਾਲਾਂ ਚੱਲ ਰਹੇ ਹਨ। ਇਨ੍ਹਾਂ ਨੇ ਕਿਸਾਨਾਂ ‘ਤੇ ਕਰੋਨਾ ਫੈਲਾਉਣ ਦੇ ਦੋਸ਼ ਲਾਏ, ਜਦਕਿ ਕਿਸਾਨੀ ਅੰਦੋਲਨ ਵਿੱਚ ਇੱਕ ਵੀ ਕਿਸਾਨ ਨੂੰ ਕਰੋਨਾ ਨਹੀਂ ਹੋਇਆ’।
ਚੜੂਨੀ ਨੇ ਕਿਹਾ ਕਿ ‘ਅਸੀਂ ਇਨ੍ਹਾਂ ਦੀ ਸਰਕਾਰ ਦੇ ਨਾਲ 11 ਵਾਰ ਮੀਟਿੰਗਾਂ ਕੀਤੀਆਂ ਅਤੇ ਸਰਕਾਰ ਅਜੇ ਤੱਕ ਸਾਨੂੰ ਇਹ ਨਹੀਂ ਦੱਸ ਸਕੀ ਕਿ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਿਸਾਨ ਦੀ ਕੀ ਫਾਇਦਾ ਹੋਵੇਗਾ। ਸਾਨੂੰ ਸਰਕਾਰ ਨੇ ਇੱਕ ਵਾਰ ਹੀ ਪੁੱਛਿਆ ਸੀ ਕਿ ਇਨ੍ਹਾਂ ਕਾਨੂੰਨਾਂ ਵਿੱਚ ਕਾਲਾ ਕੀ ਹੈ ਤਾਂ ਅਸੀਂ ਇੱਕ ਪੂਰੀ ਬੁੱਕ ਲਿਖ ਕੇ ਦਿੱਤੀ ਹੈ ਕਿ ਇਨ੍ਹਾਂ ਕਾਨੂੰਨਾਂ ਵਿੱਚ ਕਾਲਾ ਕੀ ਹੈ। ਇਹ ਕਾਨੂੰਨ ਖੇਤੀ ਦਾ ਕਾਨੂੰਨ ਨਹੀਂ ਹੈ, ਇਹ ਕਾਨੂੰਨ ਤਾਂ ਖੇਤੀ ਬਿਜ਼ਨੈੱਸ ਕਾਨੂੰਨ ਹਨ। ਸਰਕਾਰ ਸਾਡੀ ਖੇਤੀ ਵੇਚ ਕੇ ਸਾਡਾ ਰੁਜ਼ਗਾਰ ਖੋਹਣਾ ਚਾਹੁੰਦੀ ਹੈ’।