‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਤੋਂ 42 ਫ਼ੀਸਦੀ ਬੱਚਿਆਂ ਨੂੰ ਜ਼ਿਆਦਾ ਖ਼ਤਰਾ ਹੈ। ਜੁਲਾਈ ਮਹੀਨੇ ਦੌਰਾਨ ਕੀਤੇ ਗਏ ਸੀਰੋ ਸਰਵੇਖਣ ਦੀ ਮੁੱਢਲੀ ਜਾਂਚ ਵਿੱਚ 58 ਪ੍ਰਤੀਸ਼ਤ ਬੱਚਿਆਂ ਵਿੱਚ ਐਂਟੀ–ਬਾਡੀਜ਼ ਪਾਈਆਂ ਗਈਆਂ ਹਨ। ਕੋਰੋਨਾ ਦੀ ਤੀਜੀ ਲਹਿਰ ਦੀ ਤਿਆਰੀ ਕਰਨ ਲਈ ਪੰਜਾਬ ਸਰਕਾਰ ਨੇ 6 ਤੋਂ 17 ਸਾਲ ਦੀ ਉਮਰ ਦੇ ਸਮੂਹਾਂ ‘ਤੇ ਇੱਕ ਸੀਰੋ ਸਰਵੇਖਣ ਕੀਤਾ ਸੀ। ਹਾਲਾਂਕਿ, ਸਰਵੇਖਣ ਦੀ ਅੰਤਮ ਰਿਪੋਰਟ ਅਜੇ ਤਿਆਰ ਨਹੀਂ ਕੀਤੀ ਗਈ। ਸਿਹਤ ਵਿਭਾਗ ਜਲਦੀ ਹੀ ਇਸਦੇ ਨਤੀਜੇ ਜਨਤਕ ਕਰ ਦੇਵੇਗਾ। ਸੀਰੋ ਸਰਵੇਖਣ ਦਾ ਕੰਮ ਜੁਲਾਈ ਦੇ ਅੰਤ ਤੱਕ ਪੂਰਾ ਹੋਣਾ ਸੀ, ਪਰ ਸਿਹਤ ਵਿਭਾਗ ਨੂੰ ਡਾਕਟਰਾਂ ਦੀ ਹੜਤਾਲ ਕਾਰਨ ਨਮੂਨੇ ਇਕੱਠੇ ਕਰਨ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਵੇਲੇ ਵਿਭਾਗ ਨੇ ਕੁੱਝ ਜ਼ਿਲ੍ਹਿਆਂ ਤੋਂ 1 ਹਜ਼ਾਰ 500 ਤੋਂ ਵੱਧ ਬੱਚਿਆਂ ਦੇ ਨਮੂਨੇ ਲਏ ਸਨ, ਜਿਨ੍ਹਾਂ ਵਿੱਚ 58 ਪ੍ਰਤੀਸ਼ਤ ਨਮੂਨਿਆਂ ਵਿੱਚ ਐਂਟੀਬਾਡੀਜ਼ ਪਾਈਆਂ ਗਈਆਂ ਹਨ, ਜਦਕਿ 42 ਪ੍ਰਤੀਸ਼ਤ ਬੱਚਿਆਂ ਦੇ ਸਰੀਰ ਵਿੱਚ ਐਂਟੀਬਾਡੀਜ਼ ਨਹੀਂ ਬਣੀਆਂ ਹਨ। ਅਜਿਹੀ ਸਥਿਤੀ ਵਿੱਚ ਸਿਹਤ ਮਾਹਰ ਇਨ੍ਹਾਂ ਬੱਚਿਆਂ ਨੂੰ ਕੋਰੋਨਾ ਦੀ ਸੰਭਾਵਤ ਤੀਜੀ ਲਹਿਰ ਵਿੱਚ ਸਭ ਤੋਂ ਵੱਧ ਖ਼ਤਰਾ ਦੱਸ ਰਹੇ ਹਨ। ਸਰਵੇਖਣ ਦੌਰਾਨ ਜ਼ਿਆਦਾਤਰ ਨਮੂਨੇ ਸ਼ਹਿਰੀ ਖੇਤਰਾਂ ਤੋਂ ਇਕੱਤਰ ਕੀਤੇ ਗਏ ਸਨ। ਸਿਹਤ ਵਿਭਾਗ ਅਨੁਸਾਰ ਬੱਚਿਆਂ ਨੂੰ ਖਤਰੇ ਤੋਂ ਬਚਾਉਣ ਲਈ ਮਾਪਿਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ।
ਸਰਵੇਖਣ ਦੀ ਮੁੱਢਲੀ ਜਾਂਚ ਵਿੱਚ ਮੋਗਾ ਜ਼ਿਲ੍ਹੇ ਦੇ ਬੱਚਿਆਂ ਵਿੱਚ ਵੱਧ ਤੋਂ ਵੱਧ ਐਂਟੀ–ਬਾਡੀਜ਼ ਪਾਏ ਗਏ ਹਨ। ਇਸ ਜ਼ਿਲ੍ਹੇ ਦੇ 82 ਪ੍ਰਤੀਸ਼ਤ ਬੱਚਿਆਂ ਵਿੱਚ ਐਂਟੀ–ਬਾਡੀਜ਼ ਪਾਈਆਂ ਗਈਆਂ ਹਨ। ਸਭ ਤੋਂ ਘੱਟ ਪਟਿਆਲਾ ਜ਼ਿਲ੍ਹੇ ਦੇ ਬੱਚਿਆਂ ਵਿੱਚ 16 ਪ੍ਰਤੀਸ਼ਤ ਐਂਟੀ–ਬਾਡੀਜ਼ ਪਾਈਆਂ ਗਈਆਂ ਹਨ। ਹਾਲਾਂਕਿ ਇਹ ਮੁੱਢਲੇ ਅੰਕੜੇ ਹਨ, ਪਰ ਅਸਲ ਸਥਿਤੀ ਕੁੱਝ ਦਿਨਾਂ ਵਿੱਚ ਅੰਤਮ ਰਿਪੋਰਟ ਤਿਆਰ ਹੋਣ ਤੋਂ ਬਾਅਦ ਹੀ ਪਤਾ ਲੱਗੇਗੀ।
ਕੋਵਿਡ -19 ਵਿਰੁੱਧ ਲੜਾਈ ਲਈ ਸਰੀਰ ਵਿੱਚ ਐਂਟੀ–ਬਾਡੀਜ਼ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ। ਇਹ ਜਾਂ ਤਾਂ ਟੀਕਾਕਰਣ ਦੇ ਕਾਰਨ ਜਾਂ ਕਿਸੇ ਵਿਅਕਤੀ ਦੇ ਵਾਇਰਸ ਤੋਂ ਗ੍ਰਸਤ ਹੋਣ ਤੋਂ ਬਾਅਦ ਹੋ ਸਕਦਾ ਹੈ। ਐਂਟੀ–ਬਾਡੀਜ਼ ਲਾਗ ਨਾਲ ਲੜਨ ਵਿੱਚ ਸਹਾਇਤਾ ਕਰਦੀਆਂ ਹਨ। ਇਹ ਸਰੀਰ ਨੂੰ ਦੁਬਾਰਾ ਲਾਗ ਲੱਗਣ ਤੋਂ ਵੀ ਬਚਾਉਂਦੀ ਹੈ। ਜਦੋਂ ਕੋਈ ਵਾਇਰਸ, ਬੈਕਟੀਰੀਆ ਜਾਂ ਕੋਈ ਬਾਹਰੀ ਸੂਖਮ ਜੀਵ ਸਰੀਰ ‘ਤੇ ਹਮਲਾ ਕਰਦੇ ਹਨ ਤਾਂ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ (ਇਮਿਊਨ ਸਿਸਟਮ) ਇਸ ਨਾਲ ਲੜਨ ਲਈ ਆਪਣੇ-ਆਪ ਕਿਰਿਆਸ਼ੀਲ ਹੋ ਜਾਂਦੀ ਹੈ। ਐਂਟੀਬਾਡੀਜ਼ ਉਹ ਪ੍ਰੋਟੀਨ ਹੁੰਦੇ ਹਨ, ਜੋ ਸਰੀਰ ਵਿੱਚ ਕਿਸੇ ਲਾਗ ਜਾਂ ਟੀਕੇ ਦੇ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਇਮਿਊਨ ਸਿਸਟਮ ਵੱਲੋਂ ਬਣਾਏ ਜਾਂਦੇ ਹਨ।